
ਜੇ ਜ਼ਰੂਰਤ ਪਈ ਤਾਂ ਮੰਤਰੀ ਜੇਲ੍ਹ ਵਿਚ ਹੀ ਕਰਨਗੇ ਕੈਬਨਿਟ ਮੀਟਿੰਗ
Arvind Kejriwal: ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣ ਦੀ ਅਪੀਲ ਕੀਤੀ ਹੈ, ਭਾਵੇਂ ਉਨ੍ਹਾਂ ਨੂੰ ਕਿਸੇ ਵੀ ਜਾਂਚ ਏਜੰਸੀ ਨੇ ਗ੍ਰਿਫਤਾਰ ਕਰ ਲਿਆ ਜਾਵੇ। ਪਿਛਲੇ ਹਫ਼ਤੇ, ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਕਾਲੇ ਧਨ ਨੂੰ ਚਿੱਟਾਂ ਕਰਨ ਦੇ ਮਾਮਲੇ ਦੀ ਜਾਂਚ ਦੇ ਸਬੰਧ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਤਲਬ ਕੀਤਾ ਸੀ। ਹਾਲਾਂਕਿ, ਉਹ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਅਤੇ ਸੰਮਨ ਨੂੰ ‘ਸਿਆਸੀ ਤੌਰ ’ਤੇ ਪ੍ਰੇਰਿਤ’ ਕਰਾਰ ਦਿਤਾ।
ਇਹ ਵੀ ਪੜ੍ਹੋ - Punjab govt-Governor: ਪੰਜਾਬ ਸਰਕਾਰ-ਰਾਜਪਾਲ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ - ਮਾਲਵਿੰਦਰ ਕੰਗ
‘ਆਪ’ ਮੰਤਰੀਆਂ ਅਤੇ ਨੇਤਾਵਾਂ ਵਿਰੁਧ ਕੇਂਦਰੀ ਜਾਂਚ ਏਜੰਸੀਆਂ ਵਲੋਂ ਕੀਤੀ ਗਈ ਤਾਜ਼ਾ ਕਾਰਵਾਈ ’ਤੇ ਗੁੱਸੇ ਦੇ ਵਿਚਕਾਰ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਦੁਪਹਿਰ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ ਸੱਦੀ। ਮੀਟਿੰਗ ਤੋਂ ਬਾਅਦ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਸਿਆ ਕਿ ਮੀਟਿੰਗ ’ਚ ਮੌਜੂਦ ਸਾਰੇ ਵਿਧਾਇਕਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤਾਂ ਵੀ ਉਹ ਮੁੱਖ ਮੰਤਰੀ ਬਣੇ ਰਹਿਣ ਕਿਉਂਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਫ਼ਤਵਾ ਦਿੱਤਾ ਹੈ।
ਭਾਰਦਵਾਜ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਸਾਰੇ (ਵਿਧਾਇਕ) ਸਰਬਸੰਮਤੀ ਨਾਲ ਸਹਿਮਤ ਸਨ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਤੋਂ ਡਰਦੇ ਹਨ। ਭਾਜਪਾ ਜਾਣਦੀ ਹੈ ਕਿ ਉਹ ਚੋਣਾਂ ਰਾਹੀਂ ਕੇਜਰੀਵਾਲ ਨੂੰ ਸੱਤਾ ਤੋਂ ਬਾਹਰ ਨਹੀਂ ਕਰ ਸਕਦੀ ਅਤੇ ਅਜਿਹਾ ਸਿਰਫ ਸਾਜ਼ਸ਼ ਰਚ ਕੇ ਹੀ ਕੀਤਾ ਜਾ ਸਕਦਾ ਹੈ।’’
ਭਾਰਦਵਾਜ ਨੇ ਕਿਹਾ ਕਿ ਅਧਿਕਾਰੀ ਮੀਟਿੰਗ ਕਰਨ ਲਈ ਖੁਦ ਜੇਲ੍ਹ ਜਾਣਗੇ ਅਤੇ ‘ਜੇ ਸਾਨੂੰ ਬੁਲਾਇਆ ਜਾਂਦਾ ਹੈ, ਤਾਂ ਅਸੀਂ ਜਾ ਕੇ ਖੁਸ਼ ਹੋਵਾਂਗੇ।’ ਉਸ ਨੇ ਕਿਹਾ, ‘‘ਹਾਲਾਤ ਅਜਿਹੇ ਲਗਦੇ ਹਨ ਕਿ ਅਸੀਂ ਵੀ ਜਲਦੀ ਹੀ ਜੇਲ੍ਹ ’ਚ ਹੋਵਾਂਗੇ। ਇਸ ਲਈ ਇਹ ਸੰਭਵ ਹੈ ਕਿ ਆਤਿਸ਼ੀ ਨੂੰ ਜੇਲ੍ਹ ਨੰਬਰ-2 ਅਤੇ ਮੈਨੂੰ ਜੇਲ੍ਹ ਨੰਬਰ-1 ’ਚ ਰਖਿਆ ਜਾਵੇਗਾ ਅਤੇ ਅਸੀਂ ਜੇਲ੍ਹ ਦੇ ਅੰਦਰ ਹੀ ਕੈਬਨਿਟ ਮੀਟਿੰਗਾਂ ਕਰਾਂਗੇ।
ਇਹ ਵੀ ਪੜ੍ਹੋ - Haryana News: ਭਗੌੜਾ ਐਲਾਨੇ ਗੈਂਗਸਟਰ 'ਤੇ ਵੱਡੀ ਕਾਰਵਾਈ, ਮਹੇਸ਼ ਸੈਣੀ ਦੀ ਜਾਇਦਾਦ ਜ਼ਬਤ
ਅਸੀਂ ਯਕੀਨੀ ਬਣਾਵਾਂਗੇ ਕਿ ਦਿੱਲੀ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮ ਬੰਦ ਨਾ ਹੋਣ।’’ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਪਾਰਟੀ ਜੇਲ ਤੋਂ ਹੀ ਸਰਕਾਰੀ ਕੰਮ ਕਰਨ ਦੀ ਇਜਾਜ਼ਤ ਲੈਣ ਲਈ ਅਦਾਲਤ ਦਾ ਰੁਖ ਕਰੇਗੀ। ਇਕ ਵਖਰੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ’ਚ ਈ.ਡੀ. ਨੇ ਹਾਲ ਹੀ ’ਚ ਦਿੱਲੀ ਦੇ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ ਸੀ। ਈ.ਡੀ. ਨੇ ਪਿਛਲੇ ਦਿਨੀਂ ਕਥਿਤ ਆਬਕਾਰੀ ਨੀਤੀ ਘਪਲੇ ਦੇ ਸਬੰਧ ’ਚ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਇਕ ਘੰਟੇ ਦੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।