ਸਾਹੂਕਾਰਾਂ ਨੇ 50 ਹਜ਼ਾਰ ਦੇ ਕਰਜ਼ੇ ਨੂੰ ਚਾਰ ਸਾਲ ਬਾਅਦ ਬਣਾ ਦਿਤਾ 74 ਲੱਖ
ਚੰਦਰਪੁਰ : ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਜਿਸ ਕਿਸਾਨ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਕਰਜ਼ ਦਾ ਇਕ ਹਿੱਸਾ ਚੁਕਾਉਣ ਲਈ ਅਪਣੀ ਕਿਡਨੀ ਵੇਚਣ ਲਈ ਮਜਬੂਰ ਕੀਤਾ ਗਿਆ, ਉਸ ਦੀ ਮੈਡੀਕਲ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਸਰੀਰੀ ਵਿਚ ਸਿਰਫ਼ ਇਕ ਹੀ ਕਿਡਨੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦਸਿਆ ਕਿ ਕਿਸਾਨ ਰੋਸ਼ਨ ਕੁੜੇ ਦੀ ਬੁਧਵਾਰ ਨੂੰ ਚੰਦਰਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਿਹਤ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾਕਟਰ ਇਸ ਨਤੀਜੇ ’ਤੇ ਪਹੁੰਚੇ ਕਿ ਉਸ ਦੀ ਇਕ ਕਿਡਨੀ ਗ਼ਾਇਬ ਹੈ।
ਦਰਸਲ ਕੁੜੇ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਚਾਰ ਸ਼ਾਹੂਕਾਰਾਂ ਤੋਂ ਲਏ ਕਰਜ਼ੇ ਦੀ ਅਦਾਇਗੀ ਕਰਨ ਲਈ ਕਿਡਨੀ ਵੇਚਣ ਲਈ ਮਜਬੂਰ ਕੀਤਾ ਗਿਆ ਸੀ। ਕਿਸਾਨ ਦੇ ਦਾਅਵੇ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਛੇ ਸ਼ਾਹੂਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਛੇ ਵਿਚੋਂ ਪੰਜ ਮੁਲਜ਼ਮਾਂ ਨੂੰ 20 ਦਸੰਬਰ ਤਕ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।
ਨਾਗਭੀੜ ਤਹਿਸੀਲ ਦੇ ਪਿੰਡ ਮਿੰਥੂਰ ਦੇ ਰਹਿਣ ਵਾਲੇ ਰੋਸ਼ਨ ਕੁੜੇ (29) ਕੋਲ ਚਾਰ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ। ਖੇਤੀ ਵਿਚ ਹੋਏ ਨੁਕਸਾਨ ਕਾਰਨ ਉਸ ਨੇ ਇਕ ਸਹਾਇਕ ਧੰਦਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ ਡੇਅਰੀ ਫ਼ਾਰਮਿੰਗ ਲਈ ਗਾਵਾਂ ਖ਼੍ਰੀਦੀਆਂ। ਕੁੜੇ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ 2021 ਵਿਚ ਦੋ ਸ਼ਾਹੂਕਾਰਾਂ ਤੋਂ 40 ਫ਼ੀ ਸਦੀ ਵਿਆਜ ’ਤੇ 50 ਹਜ਼ਾਰ ਰੁਪਏ ਉਧਾਰ ਲਏ ਸਨ। ਸ਼ਾਹੂਕਾਰਾਂ ਨੇ ਬਾਅਦ ਵਿਚ ਕਥਿਤ ਤੌਰ ’ਤੇ ਦਾਅਵਾ ਕੀਤਾ ਕਿ ਹੁਣ ਚਾਰ ਸਾਲ ਬਾਅਦ ਵਿਆਜ ਸਮੇਤ ਇਹ ਰਕਮ ਵਧ ਕੇ 74 ਲੱਖ ਰੁਪਏ ਹੋ ਗਈ ਹੈ।
ਕਿਸਾਨ ਨੇ ਦਸਿਆ ਕਿ ਇਕ ਸ਼ਾਹੂਕਾਰ ਨੇ ਉਸ ਨੂੰ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਦੀ ਸਲਾਹ ਦਿਤੀ, ਇਸ ਤੋਂ ਬਾਅਦ ਉਸ ਨੇ ਇੰਟਰਨੈੱਟ ਰਾਹੀਂ ਇਕ ਏਜੰਟ ਨਾਲ ਸੰਪਰਕ ਕੀਤਾ। ਏਜੰਟ ਕੁੜੇ ਨੂੰ ਕੋਲਕਾਤਾ ਲੈ ਗਿਆ, ਜਿੱਥੇ ਇਕ ਡਾਕਟਰ ਦੁਆਰਾ ਮੈਡੀਕਲ ਜਾਂਚ ਤੋਂ ਬਾਅਦ ਉਹ ਕੰਬੋਡੀਆ ਗਿਆ, ਜਿੱਥੇ ਉਸ ਦੀ ਕਿਡਨੀ ਕੱਢੀ ਗਈ। ਕੁੜੇ ਨੇ ਪੁਲਿਸ ਨੂੰ ਦਸਿਆ ਕਿ ਕਿਡਨੀ ਦੇ ਬਦਲੇ ਵਿਚ ਉਸ ਨੂੰ 8 ਲੱਖ ਰੁਪਏ ਮਿਲੇ ਸਨ।
ਮੁਲਜ਼ਮ ਸ਼ਾਹੂਕਾਰਾਂ ਦੀ ਪਛਾਣ ਕਿਸ਼ੋਰ ਬਾਵਨਕੁਲੇ, ਪ੍ਰਦੀਪ ਬਾਵਨਕੁਲੇ, ਸੰਜੇ ਬੱਲਾਰਪੁਰੇ, ਲਕਸ਼ਮਣ ਉਰਕੁੜੇ, ਮਨੀਸ਼ ਘਾਟਬੰਧੇ ਅਤੇ ਸਤਿਆਵਾਨ ਬੋਰਕਰ ਵਜੋਂ ਹੋਈ ਹੈ। ਬ੍ਰਹਮਪੁਰੀ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਚੰਦਰਪੁਰ ਦੇ ਐਸ.ਪੀ ਸੁਦਰਸ਼ਨ ਮੁੰਮਾਕਾ ਨੇ ਦਸਿਆ ਕਿ ਪੁਲਿਸ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ ਅਤੇ ਕਿਸਾਨ ਤੋਂ ਸਾਰੀ ਜਾਣਕਾਰੀ ਮੰਗੀ ਗਈ ਹੈ।
