Rajasthan Election 2023: ਕਦੇ ਜਿਤਿਆ ਨਹੀਂ ਪਰ ਹਾਰ ਵੀ ਕਦੇ ਇਸ ਰਾਜਸਥਾਨੀ ਸਿੱਖ ਦੇ ਹੌਂਸਲੇ ਨੂੰ ਤੋੜ ਨਾ ਸਕੀ 

By : SNEHCHOPRA

Published : Nov 6, 2023, 8:15 pm IST
Updated : Nov 6, 2023, 8:16 pm IST
SHARE ARTICLE
Titar Singh Rajasthan
Titar Singh Rajasthan

ਲੜਾਂ ਕਿਉਂ ਨਾ? ਸਰਕਾਰ ਜ਼ਮੀਨ ਦੇਵੇ, ਸਹੂਲਤਾਂ ਦੇਵੇ, ਸਾਡੇ ਹੱਕ ਦੀ ਲੜਾਈ ਹੈ ਇਹ ਚੋਣ: ਤਿੱਤਰ ਸਿੰਘ

  • 78 ਸਾਲਾਂ ਦੀ ਉਮਰ ’ਚ 32ਵੀਂ ਚੋਣ ਲੜਨ ਲਈ ਤਿੱਤਰ ਸਿੰਘ ਨੇ ਭਰਿਆ ਪਰਚਾ

Rajasthan Election 2023: ਜੈਪੁਰ ਦੇ ਕਰਨਪੁਰ ਵਿਧਾਨ ਸਭਾ ਹਲਕੇ ਦੇ ਇਕ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲੇ ਅਤੇ ‘ਮਨਰੇਗਾ’ ’ਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਬਜ਼ੁਰਗ ਤੀਤਰ ਸਿੰਘ ਦੀ ਉਮਰ ਚੋਣ ਲੜਦਿਆਂ-ਲੜਦਿਆਂ ਬੀਤਣ ਵਾਲੀ ਹੈ। ਉਹ ਪੰਚ, ਸਰਪੰਚ ਤੋਂ ਲੈ ਕੇ ਲੋਕ ਸਭਾ ਤਕ ਹਰ ਚੋਣ ਲੜ ਚੁਕੇ ਹਨ, ਪਰ ਇਹ ਵਖਰੀ ਗੱਲ ਹੈ ਕਿ ਅੱਜ ਤਕ ਉਸ ਨੂੰ ਉਹ ਹੱਕ ਨਹੀਂ ਮਿਲਿਆ, ਜਿਸ ਲਈ ਉਨ੍ਹਾਂ ਸੱਤਰ ਦੇ ਦਹਾਕੇ ਵਿਚ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ ਸਨ।

 ਦਲਿਤ ਭਾਈਚਾਰੇ ਨਾਲ ਸਬੰਧਤ ਤਿੱਤਰ ਸਿੰਘ ਨੇ ਵੀਹ ਦੇ ਕਰੀਬ ਚੋਣਾਂ ਲੜੀਆਂ ਹਨ ਪਰ ਗਿਣਤੀ ਪੱਖੋਂ ਹਰ ਵਾਰ ਹਾਰ ਗਏ ਹਨ। ਜੇਕਰ ਹਾਰ ਪੱਕੀ ਹੈ ਤਾਂ ਚੋਣ ਕਿਉਂ ਲੜੀਏ? ਇਹ ਪੁੱਛਣ ’ਤੇ ਤੀਤਰ ਸਿੰਘ ਨੇ ਉੱਚੀ ਆਵਾਜ਼ ਵਿਚ ਕਿਹਾ, ‘‘ਕਿਉਂ ਨਾ ਲੜਾਂ? ਸਰਕਾਰ ਜ਼ਮੀਨ ਦੇਵੇ, ਸਹੂਲਤਾਂ ਦੇਵੇ, ਸਾਡੇ ਹੱਕ ਦੀ ਲੜਾਈ ਹੈ ਇਹ ਚੋਣ।’’

ਉਨ੍ਹਾਂ ਦਾ ਪਿੰਡ ਸ੍ਰੀਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਤਹਿਸੀਲ ਵਿਚ ਹੈ ਜਿਥੋਂ ਉਹ ਆਜ਼ਾਦ ਉਮੀਦਵਾਰ ਹਨ। ਟੁੱਟੀ-ਫੁੱਟੀ ਹਿੰਦੀ ਅਤੇ ਰਲਵੀਂ-ਮਿਲਵੀਂ ਪੰਜਾਬੀ ਬੋਲਣ ਵਾਲੇ ਤੀਤਰ ਸਿੰਘ ਨੇ ਦਸਿਆ ਕਿ ਉਸ ਨੂੰ ਅਤੇ ਉਸ ਦੀ ਪਤਨੀ ਗੁਲਾਬ ਕੌਰ ਨੂੰ ਸਰਕਾਰ ਤੋਂ ਬੁਢਾਪਾ ਪੈਨਸ਼ਨ ਮਿਲਦੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਚਲਦਾ ਹੈ। ਉਹ ਚੋਣਾਂ ਵਿਚ ਕੁਝ ਵੀ ਖਰਚ ਨਹੀਂ ਕਰਦੇ।

ਇਹ ਬਜ਼ੁਰਗ ਇਕ ਵਾਰ ਫਿਰ ਉਸੇ ਜਨੂੰਨ, ਉਤਸ਼ਾਹ ਅਤੇ ਮਿਸ਼ਨ ਨਾਲ ਵਿਧਾਨ ਸਭਾ ਚੋਣਾਂ ਲਈ ਤਿਆਰ ਹੈ। ਤਿੱਤਰ ਸਿੰਘ ਲਈ ਚੋਣਾਂ ਲੜਨਾ ਪ੍ਰਸਿੱਧੀ ਹਾਸਲ ਕਰਨ ਜਾਂ ਰੀਕਾਰਡ ਬਣਾਉਣ ਦਾ ਸਾਧਨ ਨਹੀਂ, ਸਗੋਂ ਅਪਣੇ ਹੱਕਾਂ ਨੂੰ ਹਾਸਲ ਕਰਨ ਦਾ ਹਥਿਆਰ ਹੈ, ਜਿਸ ਦੀ ਧਾਰ ਸਮਾਂ ਬੀਤਣ ਦੇ ਬਾਵਜੂਦ ਵੀ ਫਿੱਕੀ ਨਹੀਂ ਪਈ।

ਰਾਜਸਥਾਨ ਦੇ ਕਰਨਪੁਰ ਵਿਧਾਨ ਸਭਾ ਹਲਕੇ ਦੇ ਇਕ ਛੋਟੇ ਜਿਹੇ ਪਿੰਡ ‘25 ਐਫ’ ’ਚ ਰਹਿਣ ਵਾਲੇ ਤਿੱਤਰ ਸਿੰਘ ਨੂੰ ਸੱਤਰ ਦੇ ਦਹਾਕੇ ’ਚ ਚੋਣ ਲੜਨ ਦਾ ਜਨੂੰਨ ਉਦੋਂ ਹੀ ਪੈਦਾ ਹੋਇਆ ਜਦੋਂ ਉਹ ਜਵਾਨ ਸੀ ਅਤੇ ਉਸ ਵਰਗੇ ਕਈ ਲੋਕ ਨਹਿਰੀ ਖੇਤਰਾਂ ’ਚ ਜ਼ਮੀਨਾਂ ਦੀ ਵੰਡ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੀ ਮੰਗ ਸੀ ਕਿ ਸਰਕਾਰ ਬੇਜ਼ਮੀਨੇ ਅਤੇ ਗਰੀਬ ਮਜ਼ਦੂਰਾਂ ਨੂੰ ਜ਼ਮੀਨ ਅਲਾਟ ਕਰੇ। ਇਸ ਮੰਗ ਅਤੇ ਇਰਾਦੇ ਨਾਲ ਉਹ ਚੋਣ ਲੜਨ ਲੱਗ ਪਿਆ ਅਤੇ ਫਿਰ ਇਉਂ ਲਗਦਾ ਹੈ ਜਿਵੇਂ ਉਸ ਦੀ ਆਦਤ ਪੈ ਗਈ ਹੋਵੇ ਅਤੇ ਉਸ ਨੇ ਇਕ ਤੋਂ ਬਾਅਦ ਇਕ ਚੋਣਾਂ ਲੜੀਆਂ। ਹਾਲਾਂਕਿ, ਵਿਅਕਤੀਗਤ ਪੱਧਰ ’ਤੇ ਜ਼ਮੀਨ ਅਲਾਟ ਕਰਨ ਦੀ ਉਸ ਦੀ ਮੰਗ ਅਜੇ ਵੀ ਪੂਰੀ ਨਹੀਂ ਹੋਈ ਅਤੇ ਉਸ ਦੇ ਪੁੱਤਰ ਵੀ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ।

ਤਿੱਤਰ ਸਿੰਘ ਨੇ ਦਸਿਆ ਕਿ ਉਹ ਹੁਣ ਤਕ ਲੋਕ ਸਭਾ ਦੀਆਂ ਦਸ, ਵਿਧਾਨ ਸਭਾ ਦੀਆਂ ਦਸ, ਜ਼ਿਲ੍ਹਾ ਪ੍ਰੀਸ਼ਦ ਡਾਇਰੈਕਟਰ ਦੀਆਂ ਚਾਰ, ਸਰਪੰਚੀ ਦੀਆਂ ਚਾਰ ਅਤੇ ਵਾਰਡ ਮੈਂਬਰੀ ਦੀਆਂ ਚਾਰ ਚੋਣਾਂ ਲੜ ਚੁੱਕੇ ਹਨ। ਨਾਮਜ਼ਦਗੀ ਪੱਤਰ ਦੇ ਨਾਲ ਦਾਇਰ ਕੀਤੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਉਮਰ ਇਸ ਵੇਲੇ 78 ਸਾਲ ਹੈ। ਤਿੱਤਰ ਸਿੰਘ ਨੇ ਇਕ ਇੰਟਰਵਿਊ ’ਚ ਦਸਿਆ ਕਿ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਪੋਤੇ-ਪੋਤੀਆਂ ਦੇ ਵੀ ਵਿਆਹ ਹੋ ਚੁੱਕੇ ਹਨ। ਉਸ ਕੋਲ ਜਮ੍ਹਾਂ ਪੂੰਜੀ ਦੇ ਨਾਂ ’ਤੇ 2500 ਰੁਪਏ ਦੀ ਨਕਦੀ ਹੈ। ਨਾ ਜ਼ਮੀਨ ਹੈ, ਨਾ ਜਾਇਦਾਦ ਹੈ, ਨਾ ਕੋਈ ਗੱਡੀ ਅਤੇ ਪਸ਼ੂ ਹਨ।

ਉਸ ਨੇ ਦਸਿਆ ਕਿ ਇਸ ਉਮਰ ਵਿਚ ਵੀ ਉਹ ਆਮ ਦਿਨਾਂ ਵਿਚ ਸਰਕਾਰ ਦੀ ਰੁਜ਼ਗਾਰ ਗਾਰੰਟੀ ਸਕੀਮ ‘ਮਨਰੇਗਾ’ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ) ਤਹਿਤ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ ਜਾਂ ਜ਼ਿਮੀਂਦਾਰਾਂ ਕੋਲ ਕਾਸ਼ਤਕਾਰੀ ਪਰ ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਉਨ੍ਹਾਂ ਦੀ ਭੂਮਿਕਾ ਬਦਲ ਜਾਂਦੀ ਹੈ। ਉਹ ਉਮੀਦਵਾਰ ਹੁੰਦੇ ਹਨ, ਪ੍ਰਚਾਰ ਕਰਦੇ ਹਨ, ਵੋਟਾਂ ਮੰਗਦੇ ਹਨ ਅਤੇ ਬਦਲਾਅ ਦਾ ਵਾਅਦਾ ਕਰਦੇ ਹਨ। ਪਿਛਲੇ ਕਈ ਦਹਾਕਿਆਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ।

ਹਾਲਾਂਕਿ ਚੋਣ ਅੰਕੜੇ ਕਦੇ ਵੀ ਇਸ ਮਜ਼ਦੂਰ ਦੇ ਹੱਕ ਵਿਚ ਨਹੀਂ ਸਨ ਅਤੇ ਹਰ ਵਾਰ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਚੋਣ ਵਿਭਾਗ ਅਨੁਸਾਰ ਤਿੱਤਰ ਸਿੰਘ ਨੂੰ 2008 ਦੀਆਂ ਵਿਧਾਨ ਸਭਾ ਚੋਣਾਂ ਵਿਚ 938 ਵੋਟਾਂ, 2013 ਦੀਆਂ ਵਿਧਾਨ ਸਭਾ ਚੋਣਾਂ ਵਿਚ 427 ਅਤੇ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ 653 ਵੋਟਾਂ ਮਿਲੀਆਂ ਸਨ। ਇਸ ਸਵਾਲ ’ਤੇ ਕਿ ਉਨ੍ਹਾਂ ਨੂੰ ਚੋਣ ਲੜਨ ਲਈ ਕਦੇ ਕਿਸੇ ਤਰ੍ਹਾਂ ਦੇ ਸਮਾਜਕ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ, ਤਿੱਤਰ ਸਿੰਘ ਨੇ ਕਿਹਾ, ‘‘ਏਹੋ ਜਿਹੀ ਤੇ ਕੋਈ ਗੱਲ ਨਈਂ। ਲੋਕੀ ਉਲਟੇ ਮਾੜੀ-ਮੋਟੀ ਮਦਦ ਜ਼ਰੂਰ ਕਰ ਦਿੰਦੇ ਸੀ।’’ ਦਿਲਚਸਪ ਗੱਲ ਇਹ ਹੈ ਕਿ ਇਹ ਬਜ਼ੁਰਗ ਕਿਸੇ ਵੀ ਸੋਸ਼ਲ ਮੀਡੀਆ ਮੰਚ ’ਤੇ ਨਹੀਂ ਹੈ ਪਰ ਸੋਮਵਾਰ ਨੂੰ ਅਪਣੀ ਪਤਨੀ ਨਾਲ ਨਾਮਜ਼ਦਗੀ ਦਾਖਲ ਕਰਨ ਜਾਂਦੇ ਸਮੇਂ ਉਨ੍ਹਾਂ ਦਾ ਵੀਡੀਉ ਕਾਫ਼ੀ ਵਾਇਰਲ ਹੋਇਆ ਸੀ। (ਪੀਟੀਆਈ)

(For more news apart from  Never won but even defeat could never break the spirit of this Rajasthani Sikh, stay tuned to Rozana Spokesman).

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement