ਕ੍ਰਿਸ਼ਮਾ ਦੇਖ ਸ਼ਹਿਰ ਦੇ ਲੋਕ ਵੀ ਹੋ ਗਏ ਹੈਰਾਨ
ਨਵਦਦੀਪ/ਸ਼ਾਹ : ਜਿੱਥੇ ਅਵਾਰਾ ਕੁੱਤਿਆਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਫ਼ਰਮਾਨ ਜਾਰੀ ਹੋ ਰਹੇ ਨੇ, ਉਥੇ ਹੀ ਕੁੱਤਿਆਂ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਅਵਾਰਾ ਕੁੱਤਿਆਂ ਨੇ ਇਕ ਨਵਜੰਮੀ ਬੱਚੀ ਦੀ ਜਾਨ ਬਚਾਈ। ਦਰਅਸਲ ਦੇਰ ਰਾਤ ਇਕ ਬੱਚੀ ਪਖ਼ਾਨਿਆਂ ਦੇ ਕੋਲ ਸੜਕ ’ਤੇ ਲਾਵਾਰਿਸ ਹਾਲਤ ਵਿਚ ਪਈ ਹੋਈ ਸੀ ਤਾਂ ਇਸੇ ਦੌਰਾਨ ਕੁੱਤਿਆਂ ਦਾ ਇਕ ਝੁੰਡ ਉਸ ਨੂੰ ਚਾਰੇ ਪਾਸੇ ਤੋਂ ਘੇਰ ਇੰਝ ਖੜ੍ਹਾ ਹੋ ਗਿਆ, ਜਿਵੇਂ ਉਹ ਉਸ ਦੀ ਰਖਵਾਲੀ ਕਰ ਰਹੇ ਹੋਣ। ਸੋ ਕਿੱਥੇ ਵਾਪਰੀ ਇਹ ਘਟਨਾ ਅਤੇ ਕੀ ਐ ਪੂਰਾ ਮਾਮਲਾ, ਆਓ ਦੱਸਦੇ ਆਂ।
ਇਹ ਹੈਰਾਨੀਜਨਕ ਘਟਨਾ ਪੱਛਮ ਬੰਗਾਲ ਦੇ ਨਵਦਦੀਪ ਸ਼ਹਿਰ ਦੀ ਸਵਰਾਜਪੁਰ ਕਲੋਨੀ ਵਿਖੇ ਵਾਪਰੀ। ਜਿਹੜੇ ਕੁੱਤਿਆਂ ਨੂੰ ਅਸੀਂ ਅਕਸਰ ਪੱਥਰ ਮਾਰ ਕੇ ਭਜਾ ਦੇਨੇ ਆਂ, ਉਨ੍ਹਾਂ ਨੇ ਉਹ ਕੁੱਝ ਕਰ ਦਿਖਾਇਆ, ਜਿਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਕੁੱਤਿਆਂ ਦਾ ਝੁੰਡ ਬੱਚੀ ਨੂੰ ਘੇਰ ਕੇ ਖੜ੍ਹਾ ਹੋਇਆ ਸੀ ਕਿ ਇਸੇ ਦੌਰਾਨ ਜਦੋਂ ਇਕ ਮਹਿਲਾ ਨੇ ਇਹ ਦ੍ਰਿਸ਼ ਦੇਖਿਆ ਤਾਂ ਉਸ ਦਾ ਦਿਲ ਕੰਬ ਗਿਆ। ਉਸ ਨੇ ਤੁਰੰਤ ਬੱਚੀ ਨੂੰ ਚੁੱਕਿਆ। ਬੱਚੀ ਹਾਲੇ ਕੁੱਝ ਹੀ ਘੰਟਿਆਂ ਦੀ ਸੀ ਪਰ ਕੁੱਤੇ ਉਸ ਨੂੰ ਦੇਖ ਕੇ ਨਾ ਹਮਲਾਵਰ ਹੋ ਰਹੇ ਸੀ ਅਤੇ ਨਾ ਹੀ ਭੌਂਕ ਰਹੇ ਸੀ। ਜਦੋਂ ਰਾਧਾ ਨਾਂਅ ਦੀ ਮਹਿਲਾ ਬੱਚੀ ਨੂੰ ਚੁੱਕਣ ਲੱਗੀ ਤਾਂ ਕੁੱਤੇ ਆਪਣੇ ਆਪ ਹੀ ਪਿੱਛੇ ਹਟ ਗਏ। ਰਾਧਾ ਨੇ ਬੱਚੀ ਨੂੰ ਗੋਦੀ ਵਿਚ ਚੁੱਕਿਆ ਅਤੇ ਮਦਦ ਲਈ ਆਪਣੇ ਗੁਆਂਢੀਆਂ ਨੂੰ ਬੁਲਾਇਆ। ਰਾਧਾ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਭਤੀਜੀ, ਬਹੂ ਪ੍ਰੀਤੀ ਭੱਜ ਕੇ ਆ ਗਈਆਂ ਅਤੇ ਬੱਚੀ ਨੂੰ ਤੁਰੰਤ ਮਹੇਸ਼ਗੰਜ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਬੱਚੀ ਨੂੰ ਅੱਗੇ ਕ੍ਰਿਸ਼ਨਾ ਨਗਰ ਸਦਰ ਹਸਪਤਾਲ ਵਿਖੇ ਭੇਜ ਦਿੱਤਾ। ਡਾਕਟਰਾਂ ਮੁਤਾਬਕ ਬੱਚੀ ਦੇ ਸਰੀਰ ’ਤੇ ਜ਼ਖ਼ਮ ਦਾ ਕੋਈ ਨਿਸ਼ਾਨ ਨਹੀਂ ਸੀ, ਉਸ ਦੇ ਸਿਰ ’ਤੇ ਕੁੱਝ ਬਲੱਡ ਲੱਗਿਆ ਹੋਇਆ ਸੀ ਜੋ ਜਨਮ ਦੇ ਤੁਰੰਤ ਬਾਅਦ ਦਾ ਸੀ।
ਇਸ ਘਟਨਾ ਮਗਰੋਂ ਪੁਲਿਸ ਅਤੇ ਚਾਈਲਡ ਲਾਈਨ ਦੇ ਕਰਮਚਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਬੱਚੀ ਦੀ ਸੁਰੱਖਿਆ ਅਤੇ ਦੇਖਭਾਲ ਲਈ ਬਾਲ ਕਲਿਆਣ ਕਮੇਟੀ ਨਾਲ ਸੰਪਰਕ ਕੀਤਾ ਗਿਆ ਏ। ਕੁੱਤਿਆਂ ਵੱਲੋਂ ਇਕ ਨਵਜੰਮੀ ਬੱਚੀ ਦੀ ਰੱਖਿਆ ਕਰਨ ਦਾ ਇਹ ਮਾਮਲਾ ਇਲਾਕੇ ਭਰ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ।
