
ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਮਾਮਲਾ
ਸਾਹ ਲੈਣ ਵਿਚ ਤਕਲੀਫ਼ ਦੇ ਚਲਦੇ ਹੋਈ ਸੀ 72 ਸਾਲਾ ਔਰਤ ਦੀ ਮੌਤ
ਜਲਪਾਈਗੁੜੀ : ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ’ਚ ਐਂਬੂਲੈਂਸ ਦਾ ਕਿਰਾਇਆ ਭਰਨ ’ਚ ਅਸਮਰਥ ਵਿਅਕਤੀ ਅਪਣੀ ਮਾਂ ਦੀ ਦੇਹ ਨੂੰ ਮੋਢੇ ’ਤੇ ਚੁੱਕ ਕੇ ਹਸਪਤਾਲ ਤੋਂ ਕਰੀਬ 40 ਕਿਲੋਮੀਟਰ ਦੂਰ ਅਪਣੇ ਪਿੰਡ ਪਹੁੰਚਣ ਲਈ ਪੈਦਲ ਹੀ ਚੱਲ ਪਿਆ। ਹਾਲਾਂਕਿ, ਰਸਤੇ ਵਿਚ ਇਕ ਸਮਾਜਕ ਸੰਸਥਾ ਦੇ ਮੈਂਬਰਾਂ ਨੇ ਵਿਅਕਤੀ ਨੂੰ ਇਕ ਵਾਹਨ ਮੁਹਈਆ ਕਰਵਾਇਆ, ਜਿਸ ਨੇ ਉਸ ਨੂੰ ਜ਼ਿਲ੍ਹੇ ਦੇ ਕ੍ਰਾਂਤੀ ਬਲਾਕ ਵਿਚ ਉਸ ਦੇ ਘਰ ਮੁਫ਼ਤ ਪਹੁੰਚਾਇਆ।
ਰਾਮ ਪ੍ਰਸਾਦ ਦੀਵਾਨ ਨੇ ਦਸਿਆ ਕਿ ਉਸ ਦੀ 72 ਸਾਲਾ ਮਾਂ ਨੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਕੀਤੀ ਅਤੇ ਉਹ ਉਸ ਨੂੰ ਬੁਧਵਾਰ ਨੂੰ ਜਲਪਾਈਗੁੜੀ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਿਆ। ਅਗਲੇ ਦਿਨ ਉਸਦੀ ਮਾਂ ਦੀ ਮੌਤ ਹੋ ਗਈ। ਦੀਵਾਨ ਨੇ ਕਿਹਾ,‘‘ਸਾਨੂੰ ਹਸਪਤਾਲ ਪਹੁੰਚਾਉਣ ਵਾਲੀ ਐਂਬੂਲੈਂਸ ਨੇ 900 ਰੁਪਏ ਲਏ ਸਨ ਪਰ ਬਾਅਦ ’ਚ ਐਂਬੂਲੈਂਸ ਵਾਲੇ ਨੇ ਲਾਸ਼ ਨੂੰ ਘਰ ਲਿਜਾਣ ਲਈ 3000 ਰੁਪਏ ਮੰਗੇ। ਅਸੀਂ ਰਕਮ ਦਾ ਭੁਗਤਾਨ ਕਰਨ ਵਿਚ ਅਸਮਰਥ ਸੀ।’’
ਦੀਵਾਨ ਅਨੁਸਾਰ, ਉਸ ਨੇ ਅਪਣੀ ਮਾਂ ਦੀ ਦੇਹ ਨੂੰ ਚਾਦਰ ’ਚ ਲਪੇਟਿਆ, ਅਪਣੇ ਮੋਢੇ ’ਤੇ ਚੁਕਿਆ ਅਤੇ ਪੈਦਲ ਹੀ ਘਰ ਵਲ ਤੁਰ ਪਿਆ। ਇਸ ਦੌਰਾਨ ਉਸ ਦਾ ਬਜ਼ੁਰਗ ਪਿਤਾ ਵੀ ਉਸ ਦੇ ਨਾਲ ਸੀ। ਉਧਰ, ਜ਼ਿਲ੍ਹਾ ਐਂਬੂਲੈਂਸ ਐਸੋਸੀਏਸ਼ਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਦੇ ਮੈਂਬਰ ਵੀ ਰੇਲ ਅਤੇ ਸੜਕ ਹਾਦਸਿਆਂ ਦੌਰਾਨ ਮੁਫ਼ਤ ਸੇਵਾ ਪ੍ਰਦਾਨ ਕਰਦੇ ਹਨ।