
ਲੜਕਾ ਬਣਿਆ ਤਾਮਿਲਨਾਡੂ ਦਾ ਸਭ ਤੋਂ ਛੋਟੀ ਉਮਰ ਦਾ ਅੰਗ ਦਾਨੀ
ਚੇਨਈ - ਆਂਧਰਾ ਪ੍ਰਦੇਸ਼ ਦਾ ਡੇਢ ਸਾਲ ਦਾ ਬੱਚਾ ਸ਼ੁੱਕਰਵਾਰ ਨੂੰ ਸੂਬੇ ਦਾ ਸਭ ਤੋਂ ਘੱਟ ਉਮਰ ਦਾ ਅੰਗ ਦਾਨੀ ਬਣ ਗਿਆ।
ਸਿਰ ਵਿੱਚ ਸੱਟ ਲੱਗਣ ਕਾਰਨ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਵਿੱਚ ਡਾਕਟਰਾਂ ਨੇ ਲੜਕੇ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸੀ। ਬੱਚੇ ਦਾ ਜਿਗਰ ਇੱਕ 4 ਮਹੀਨੇ ਦੇ ਬੱਚੇ ਨੂੰ ਦਿੱਤਾ ਗਿਆ, ਅਤੇ ਗੁਰਦੇ ਇੱਕ 19 ਸਾਲ ਦੇ ਮਰੀਜ਼ ਵਿੱਚ ਟਰਾਂਸਪਲਾਂਟ ਕੀਤੇ ਗਏ।
ਖੇਡਦੇ ਸਮੇਂ ਇੱਕ ਟੈਲੀਵਿਜ਼ਨ ਸੈੱਟ ਸਿਰ 'ਤੇ ਡਿੱਗ ਜਾਣ ਕਾਰਨ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਸੀ। ਉਸ ਦੇ ਮਾਤਾ-ਪਿਤਾ ਦੋਵੇਂ ਦਿਹਾੜੀਦਾਰ ਮਜ਼ਦੂਰਾ ਹਨ, ਜਿਨ੍ਹਾਂ ਨੇ ਉਸ ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਪਰ ਉਥੋਂ ਦੇ ਡਾਕਟਰ ਨੇ ਉਸ ਦੀ ਹਾਲਤ ਦੇਖਦੇ ਹੋਏ, ਆਰ.ਜੀ.ਜੀ.ਜੀ.ਐਚ. ਰੈਫਰ ਕਰ ਦਿੱਤਾ।
"ਬੱਚੇ ਨੂੰ ਤਿੰਨ ਦਿਨ ਪਹਿਲਾਂ ਸਾਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾ ਨਹੀਂ ਸਕੇ," ਡੀਨ ਡਾ. ਈ ਥਰਨੀਰਾਜਨ ਨੇ ਕਿਹਾ।
ਡਾਕਟਰ ਨੇ ਕਿਹਾ ਕਿ ਅਜਿਹੇ ਹਾਦਸਿਆਂ ਦੌਰਾਨ ਸਿਰ 'ਤੇ ਸੱਟ ਲੱਗਣਾ ਕੁਝ ਸਾਲ ਪਹਿਲਾਂ ਤੱਕ ਆਮ ਗੱਲ ਸੀ, ਜਦੋਂ ਕੰਧ ਨਾਲ ਲਟਕਦੀਆਂ ਐੱਲ.ਸੀ.ਡੀ. ਸਕ੍ਰੀਨਾਂ ਨਹੀਂ ਸਨ। ਉਨ੍ਹਾਂ ਕਿਹਾ, "ਜ਼ਿਆਦਾਤਰ ਹਾਦਸਿਆਂ ਵਿੱਚ ਬੱਚੇ ਟੀ.ਵੀ. ਹੇਠਾਂ ਵਿਛਾਇਆ ਕੱਪੜਾ ਖਿੱਚ ਲੈਂਦੇ ਹਨ ਜਾਂ ਟੀ.ਵੀ. ਸਟੈਂਡ ਹਿਲਾ ਦਿੰਦੇ ਹਨ। ਪਰ ਹੁਣ ਅਜਿਹੇ ਹਾਦਸੇ ਘਟੇ ਹਨ। ਇਸ ਮਾਮਲੇ ਵਿੱਚ, ਮਾਪਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਰਵਾਇਤੀ ਟੀ.ਵੀ. ਸੈੱਟ ਹੈ," ਉਨ੍ਹਾਂ ਕਿਹਾ।
ਵੀਰਵਾਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। "ਤੇਲੁਗੂ ਬੋਲਣ ਵਾਲੇ ਸਲਾਹਕਾਰਾਂ ਅਤੇ ਡਾਕਟਰਾਂ ਦੀ ਇੱਕ ਟੀਮ ਨੇ ਮਾਪਿਆਂ ਨੂੰ ਅੰਗ ਦਾਨ ਬਾਰੇ ਜਾਣਕਾਰੀ ਦਿੱਤੀ, ਅਤੇ ਮਾਪਿਆਂ ਨੇ ਸਹਿਮਤੀ ਦੇ ਦਿੱਤੀ" ਉਨ੍ਹਾਂ ਦੱਸਿਆ।
ਡਾਕਟਰਾਂ ਨੇ ਸੂਬੇ ਦੀ ਅੰਗ ਟ੍ਰਾਂਸਪਲਾਂਟ ਅਥਾਰਟੀ, ਟ੍ਰਾਂਸਟਨ ਨੂੰ ਸੁਚੇਤ ਕੀਤਾ। ਹਸਪਤਾਲ ਕੋਲ ਇਹਨਾਂ ਅੰਗਾਂ ਲਈ ਢੁਕਵੇਂ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨਾ ਹੋਣ ਕਰਕੇ, ਹਸਪਤਾਲ ਨੇ ਦੂਜੇ ਹਸਪਤਾਲਾਂ ਨਾਲ ਸੰਪਰਕ ਕੀਤਾ।
ਅਧਿਕਾਰੀਆਂ ਨੇ ਕਿਹਾ ਕਿ ਦਿਲ ਅਤੇ ਫੇਫੜਿਆਂ ਲਈ ਉਚਿਤ ਪ੍ਰਾਪਤਕਰਤਾ ਸਨ, ਅਤੇ ਟ੍ਰਾਂਸਪਲਾਂਟ ਅਥਾਰਟੀ ਗੁਰਦੇ ਲਈ ਬਾਲ ਰੋਗ ਪ੍ਰਾਪਤਕਰਤਾ ਨਹੀਂ ਲੱਭ ਸਕੀ। ਉੱਤਰੀ ਜ਼ੋਨ ਦੇ ਇੱਕ ਹਸਪਤਾਲ ਨੇ ਦੋਵੇਂ ਗੁਰਦੇ 19 ਸਾਲਾ ਮਰੀਜ਼ ਨੂੰ ਟਰਾਂਸਪਲਾਂਟ ਕੀਤੇ ਅਤੇ ਜਿਗਰ ਮਦੁਰਾਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਬੱਚੇ ਨੂੰ ਦਿੱਤਾ ਗਿਆ। ਟਰਾਂਸਪਲਾਂਟ ਸਫ਼ਲਤਾ ਨਾਲ ਨੇਪਰੇ ਚੜ੍ਹੇ।
ਸ਼ੁੱਕਰਵਾਰ ਨੂੰ, ਚੇਨਈ ਦੇ ਕਲੈਕਟਰ ਐਸ. ਅਮਿਰਥਾ ਜੋਤੀ ਨੇ ਬੱਚੇ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਸ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ। ਲੜਕੇ ਦੀ ਲਾਸ਼ ਨੂੰ ਸ਼ਨੀਵਾਰ ਨੂੰ ਐਂਬੂਲੈਂਸ ਰਾਹੀਂ ਆਂਧਰਾ ਪ੍ਰਦੇਸ਼ ਲਿਜਾਇਆ ਜਾਵੇਗਾ।