
ਅਗਲੇ 24 ਘੰਟਿਆਂ ਤਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ, 8 ਅਤੇ 9 ਜਨਵਰੀ ਨੂੰ ਪੈ ਸਕਦਾ ਹੈ ਮੀਂਹ
- ਪੰਜਾਬ ’ਚ 10ਵੀਂ ਅਤੇ ਦਿੱਲੀ ’ਚ 5ਵੀਂ ਤਕ ਦੀਆਂ ਜਮਾਤਾਂ ਨੂੰ ਛੁੱਟੀਆਂ ਕਰਨ ਦਾ ਐਲਾਨ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਨੂੰ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰ-ਪਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ‘ਠੰਢੇ ਦਿਨ’ ਤੋਂ ‘ਬਹੁਤ ਠੰਢੇ ਦਿਨ’ ਦੀ ਸਥਿਤੀ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਬਾਅਦ ਠੰਢ ਹੌਲੀ-ਹੌਲੀ ਘਟਣੀ ਸ਼ੁਰੂ ਹੋਵੇਗੀ।
ਮੌਸਮ ਵਿਭਾਗ ਨੇ 8 ਅਤੇ 9 ਜਨਵਰੀ ਨੂੰ ਉੱਤਰ-ਪਛਮੀ ਅਤੇ ਮੱਧ ਭਾਰਤ (ਪੂਰਬੀ ਰਾਜਸਥਾਨ ਅਤੇ ਪਛਮੀ ਮੱਧ ਪ੍ਰਦੇਸ਼ ’ਚ ਵੱਖ-ਵੱਖ ਤੂਫਾਨ/ਗੜੇਮਾਰੀ ਦੇ ਨਾਲ) ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਦਖਣੀ ਭਾਰਤ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 10ਵੀਂ ਤਕ ਦੇ ਵਿਦਿਆਰਥੀਆਂ ਲਈ 14 ਜਨਵਰੀ ਤਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ 11ਵੀਂ ਅਤੇ 12ਵੀਂ ਦੀਆਂ ਜਮਾਤਾਂ ਲਗਦੀਆਂ ਰਹਿਣਗੀਆਂ। ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਐਲਾਨ ਕੀਤਾ। ਉਨ੍ਹਾਂ ਅਪਣੇ ਪੋਸਟ ’ਚ ਕਿਹਾ, ‘‘ਕੜਾਕੇ ਦੀ ਠੰਢ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਦਸਵੀਂ ਕਲਾਸ ਤਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 8 ਜਨਵਰੀ ਤੋਂ 14 ਜਨਵਰੀ ਤਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ।’’ ਦਿੱਲੀ ’ਚ ਅੱਜ ਸ਼ੀਤ ਲਹਿਰ ਦੀ ਸਥਿਤੀ ਨੂੰ ਵੇਖਦਿਆਂ ਸਾਰੇ ਸਕੂਲਾਂ ’ਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਰਦੀਆਂ ਦੀਆਂ ਛੁੱਟੀਆਂ ਨੂੰ 12 ਜਨਵਰੀ ਤਕ ਵਧਾ ਦਿਤਾ ਗਿਆ ਹੈ। ਦਿੱਲੀ ਦੀ ਸਿਖਿਆ ਮੰਤਰੀ ਆਤਿਸ਼ੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ’ਚ ਐਤਵਾਰ ਨੂੰ ਵੀ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਸਵੇਰੇ ਕਈ ਥਾਵਾਂ ’ਤੇ ਧੁੰਦ ਕਾਰਨ ਦ੍ਰਿਸ਼ਟਤਾ ਪ੍ਰਭਾਵਤ ਹੋਈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਵੀ ਠੰਢੀਆਂ ਰਾਤਾਂ ਰਹੀਆਂ ਅਤੇ ਘੱਟੋ ਘੱਟ ਤਾਪਮਾਨ ਲੜੀਵਾਰ 6.5 ਡਿਗਰੀ ਸੈਲਸੀਅਸ, 7 ਡਿਗਰੀ ਸੈਲਸੀਅਸ, 6.2 ਡਿਗਰੀ ਸੈਲਸੀਅਸ, 7 ਡਿਗਰੀ ਸੈਲਸੀਅਸ ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ’ਚ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ। ਰਾਜਧਾਨੀ ਅਤੇ ਵੱਖੋ-ਵੱਖ ਸੂਬਿਆਂ ’ਚ ਮੌਸਮ ਸੰਬੰਧੀ ਹਾਲਾਤ ਕਾਰਨ ਐਤਵਾਰ ਨੂੰ ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ।
ਸ੍ਰੀਨਗਰ ’ਚ ਵੀ ਇਸ ਮੌਸਮ ਦੀ ਹੁਣ ਤਕ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਕਸ਼ਮੀਰ ’ਚ ਪਾਰਾ ਸਿਫ਼ਰ ਤੋਂ 5 ਡਿਗਰੀ ਹੇਠਾਂ ਰਿਹਾ। ਡਲ ਝੀਲ ਅਤੇ ਹੋਰ ਪਾਣੀ ਦੇ ਸੋਮਿਆਂ ’ਤੇ ਬਰਫ਼ ਦੀ ਪਤਲੀ ਪਰਤ ਬਣ ਗਈ ਹੈ। ਜੰਮੂ ’ਚ ਵੀ ਪਾਰਾ ਆਮ ਤੋਂ 4 ਡਿਗਰੀ ਹੇਠਾਂ ਡਿੱਗ ਕੇ 3.4 ਡਿਗਰੀ ’ਤੇ ਪਹੁੰਚ ਗਿਆ। ਧੁੰਦ ਕਾਰਨ ਹਵਾਈ ਅਤੇ ਰੇਲ ਆਵਾਜਾਈ ’ਤੇ ਅਸਰ ਪਿਆ ਜਿਸ ਕਾਰਨ ਮੁਸਾਫ਼ਰਾਂ ਦੀ ਪ੍ਰੇਸ਼ਾਨੀ ਵਧੀ।
ਇਸ ਦੌਰਾਨ ਭਾਰਤ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦਾ ਜੰਮੂ ਦੌਰਾ ਵੀ ‘ਖ਼ਰਾਬ ਮੌਸਮ’ ਕਾਰਨ ਰੱਦ ਕਰ ਦਿਤਾ ਗਿਆ। ਉਹ ਜੰਮੂ ਪਹੁੰਚ ਕੇ ਪਾਟੀ ਆਗੂਆਂ ਨਾਲ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਕਰਨ ਵਾਲੇ ਸਨ।
ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ’ਚ ਘੱਟੋ ਘੱਟ ਤਾਪਮਾਨ 6-9 ਡਿਗਰੀ ਸੈਲਸੀਅਸ ਅਤੇ ਪੂਰਬੀ ਉੱਤਰ ਪ੍ਰਦੇਸ਼, ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਉੱਤਰ-ਪਛਮੀ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ’ਚ 10-12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ।
ਮੌਸਮ ਵਿਭਾਗ ਨੇ ਅਪਣੇ ਰੋਜ਼ਾਨਾ ਬੁਲੇਟਿਨ ’ਚ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਪਛਮੀ ਉੱਤਰ ਪ੍ਰਦੇਸ਼, ਪਛਮੀ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਤਾਪਮਾਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਅਤੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਕਈ ਹਿੱਸਿਆਂ ’ਚ ਆਮ ਨਾਲੋਂ 4-7 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ, ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 14-15 ਡਿਗਰੀ ਸੈਲਸੀਅਸ ਅਤੇ ਉੱਤਰੀ ਰਾਜਸਥਾਨ ਅਤੇ ਪਛਮੀ ਉੱਤਰ ਪ੍ਰਦੇਸ਼ ’ਚ 16-18 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਕੁੱਝ ਹਿੱਸਿਆਂ ਅਤੇ ਹਰਿਆਣਾ, ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ’ਚ 9 ਜਨਵਰੀ ਤਕ ਰਾਤ/ਸਵੇਰ ਦੇ ਸਮੇਂ ਸੰਘਣੀ ਧੁੰਦ ਅਤੇ ਅਗਲੇ 24 ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।