
33 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਹਰ ਕਢਿਆ
ਗੁਜਰਾਤ: ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਡੂੰਘੇ ਬੋਰਵੈੱਲ ’ਚ ਡਿੱਗੀ 18 ਸਾਲਾਂ ਦੀ ਕੁੜੀ ਦੀ ਮੌਤ ਹੋ ਗਈ ਹੈ। ਵੱਖ-ਵੱਖ ਏਜੰਸੀਆਂ ਨੇ 33 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੰਗਲਵਾਰ ਸ਼ਾਮ ਨੂੰ ਬਾਹਰ ਕਢਿਆ ਸੀ ਅਤੇ ਤੁਰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਕਰੀਬ 6:30 ਵਜੇ ਜ਼ਿਲ੍ਹੇ ਦੇ ਭੁਜ ਤਾਲੁਕਾ ਦੇ ਕੁੰਦਰਾਈ ਪਿੰਡ ’ਚ ਵਾਪਰੀ। ਕੁੜੀ 490 ਫੁੱਟ ਦੀ ਡੂੰਘਾਈ ’ਤੇ 540 ਫੁੱਟ ਡੂੰਘੇ ਬੋਰਵੈੱਲ ’ਚ ਫਸ ਗਈ ਸੀ। ਲੜਕੀ ਰਾਜਸਥਾਨ ਦੇ ਇਕ ਪ੍ਰਵਾਸੀ ਮਜ਼ਦੂਰ ਪਰਵਾਰ ਨਾਲ ਸਬੰਧਤ ਸੀ।
ਅਧਿਕਾਰੀਆਂ ਨੇ ਦਸਿਆ ਕਿ ਬੋਰਵੈੱਲ ਦਾ ਵਿਆਸ ਲਗਭਗ ਇਕ ਫੁੱਟ ਸੀ ਅਤੇ ਕੁੜੀ ਵੱਡੀ ਸੀ, ਜਿਸ ਕਾਰਨ ਉਹ ਅੰਦਰ ਡੂੰਘੀ ਫਸ ਗਈ ਸੀ, ਇਸ ਲਈ ਬਚਾਅ ਕਾਰਜ ਮੁਸ਼ਕਲ ਹੋ ਰਿਹਾ ਸੀ।ਰਾਸ਼ਟਰੀ ਬਿਪਤਾ ਮੋਚਨ ਬਲ (ਐੱਨ.ਡੀ.ਆਰ.ਐੱਫ.) ਨੇ ਦਸਿਆ ਕਿ 490 ਫੁੱਟ ਦੀ ਡੂੰਘਾਈ ’ਚ ਫਸੀ 18 ਸਾਲ ਦੀ ਪੀੜਤ ਨੂੰ ਕਈ ਬਚਾਅ ਕੋਸ਼ਿਸ਼ਾਂ ਤੋਂ ਬਾਅਦ ਬੋਰਵੈੱਲ ’ਚੋਂ ਬਾਹਰ ਕਢਿਆ ਗਿਆ। ਲੜਕੀ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ।
ਭੁਜ ਨਗਰ ਪਾਲਿਕਾ ਦੇ ਫਾਇਰ ਵਿਭਾਗ ਦੇ ਕਰਮਚਾਰੀਆਂ, ਸਥਾਨਕ ਐਮਰਜੈਂਸੀ ਰਿਸਪਾਂਸ ਟੀਮਾਂ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਟੀਮਾਂ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਸਨ।