
ਸਰਕਾਰ ਨੇ ਘਟੀਆ ਕਾਰਵਾਈ ਕੀਤੀ : ਚਿਦੰਬਰਮ
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਵਿਰੁਧ ਲੋਕ ਸੁਰੱਖਿਆ ਕਾਨੂੰਨ (ਪੀਐਸਏ) ਤਹਿਤ ਮਾਮਲਾ ਦਰਜ ਕਰਨ ਦੀ ਕਾਰਵਾਈ 'ਤੇ ਸਵਾਲ ਕੀਤਾ ਅਤੇ ਪੁਛਿਆ ਕਿ ਇਨ੍ਹਾਂ ਆਗੂਆਂ ਵਿਰੁਧ ਕਿਹੜੇ ਆਧਾਰ 'ਤੇ ਇਸ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਸਾਬਕਾ ਮੁੱਖ ਮੰਤਰੀ ਰਿਹਾਈ ਦੇ ਹੱਕਦਾਰ ਹਨ।
Photo
ਪ੍ਰਿਯੰਕਾ ਨੇ ਟਵਿਟਰ 'ਤੇ ਸਵਾਲ ਕੀਤਾ, 'ਉਮਰ ਅਤੇ ਮਹਿਬੂਬਾ ਨੇ ਭਾਰਤ ਦੇ ਸੰਵਿਧਾਨ ਨੂੰ ਕਾਇਮ ਰਖਿਆ, ਜਮਹੂਰੀ ਕਵਾਇਦ ਦੀ ਪਾਲਣਾ ਕੀਤੀ ਅਤੇ ਕਦੇ ਵੀ ਹਿੰਸਾ ਤੇ ਵੰਡ ਨਾਲ ਸਬੰਧ ਨਹੀਂ ਰਖਿਆ। ਉਨ੍ਹਾਂ ਨੂੰ ਬਿਨਾਂ ਕਿਸੇ ਆਧਾਰ 'ਤੇ ਹਿਰਾਸਤ ਵਿਚ ਰਖਿਆ ਗਿਆ ਹੈ। ਉਹ ਤਾਂ ਰਿਹਾਈ ਦੇ ਹੱਕਦਾਰ ਹਨ।'
Photo
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਸ ਕਾਰਵਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਦੋਸ਼ ਕਾਰਵਾਈ ਕਰਨਾ ਜਮਹੂਰੀਅਤ ਵਿਚ ਘਟੀਆ ਕਦਮ ਹੈ। ਕਾਂਗਰਸ ਆਗੂ ਨੇ ਕਿਹਾ, 'ਮੈਂ ਇਨ੍ਹਾਂ ਆਗੂਆਂ ਵਿਰੁਧ ਇਸ ਕਾਨੂੰਨ ਤਹਿਤ ਕਾਰਵਾਈ ਕੀਤੇ ਜਾਣ ਤੋਂ ਹੈਰਾਨ ਹਾਂ। ਜਦ ਅਜਿਹੇ ਕਾਨੂੰਨ ਪਾਸ ਕੀਤੇ ਜਾਂਦੇ ਹਨ ਤਾਂ ਲੋਕਾਂ ਕੋਲ ਸ਼ਾਂਤੀ ਨਾਲ ਵਿਰੋਧ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ।'
Photo
ਸ੍ਰੀਨਗਰ ਵਿਚ ਨੈਸ਼ਨਲ ਕਾਨਫ਼ਰੰਸ ਨੇ ਉਮਰ ਅਬਦੁੱਲਾ ਸਮੇਤ ਹੋਰ ਆਗੂਆਂ ਵਿਰੁਧ ਇਸ ਕਾਨੂੰਨ ਤਹਿਤ ਕਾਰਵਾਈ ਕੀਤੇ ਜਾਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਦੀਆਂ ਆਪਹੁਦਰੀਆਂ ਦੀ ਸਪੱਸ਼ਟ ਮਿਸਾਲ ਹੈ।