
ਕਿਹਾ, ਡੇਰਾ ਮੁਖੀ ਨੂੰ ਬਾਹਰ ਕੱਢ ਕੇ ਸਮਾਜ ਦਾ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਚੰਡੀਗੜ੍ਹ : ਡੇਰਾ ਮੁਖੀ ਰਾਮ ਰਹੀਮ ਅੱਜ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਹੈ ਕਿਉਂਕਿ ਉਸ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ। ਇਸ ਦੇ ਮੱਦੇਨਜ਼ਰ ਵੱਖ ਵੱਖ ਪ੍ਰਤੀਕਿਰਿਆ ਸਾਹਮਣੇ ਆ ਰਹੀਆਂ ਹਨ ਪਰ ਹੁਣ ਮਰਹੂਮ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਸੌਦਾ ਸਾਧ ਨੂੰ ਪੈਰੋਲ ਮਿਲਣਾ ਠੀਕ ਨਹੀਂ ਹੈ ਸਗੋਂ ਗੰਦੀ ਰਾਜਨੀਤੀ ਲਈ ਇੱਕ ਅਪਰਾਧੀ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।
Sauda Sadh
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਿਲੀ ਪੈਰੋਲ ਦੇ ਵਿਰੁੱਧ ਉਹ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨਗੇ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕਰਨਗੇ। ਦੱਸ ਦੇਈਏ ਕਿ ਮਰਹੂਮ ਰਾਮਚੰਦਰ ਛਤਰਪਤੀ ਨੇ ਡੇਰੇ ਦਾ ਵਿਰੋਧ ਕਰਦਿਆਂ ਆਪਣੀ ਜਾਨ ਗਵਾਈ ਸੀ। ਅੰਸ਼ੁਲ ਛਤਰਪਤੀ ਨੇ ਕਿਹਾ ਕਿ ਸਰਕਾਰ ਉਸ ਹਾਲਾਤ ਨੂੰ ਕਿਉਂ ਭੁੱਲ ਗਈ ਜਦੋਂ ਪੰਚਕੂਲਾ ਹਾਈਕੋਰਟ 'ਚ ਪੇਸ਼ ਹੋਣ 'ਤੇ ਇਹ ਸਭ ਕੁਝ ਵਾਪਰਿਆ ਸੀ।
Anshul Chhatarpati
ਕਿੰਨੀਆਂ ਜਾਨਾਂ ਗਈਆਂ, ਜਨਤਕ ਜਾਇਦਾਦਾਂ ਨੂੰ ਸਾੜ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਡੇਰਾ ਮੁਖੀ ਨੂੰ ਕਿੰਨੀ ਮੁਸ਼ੱਕਤ ਅਤੇ ਮੁਸ਼ਕਲ ਨਾਲ ਹੀ ਸਲਾਖਾਂ ਪਿੱਛੇ ਸੁੱਟਿਆ ਜਾ ਸਕਿਆ ਸੀ। ਅੰਸ਼ੁਲ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਜ਼ਿੰਮੇਵਾਰ ਕੌਣ ਹਨ। ਹੁਣ ਸਰਕਾਰ ਉਸੇ ਵਿਅਕਤੀ ਨੂੰ ਬਾਹਰ ਕੱਢ ਕੇ ਸਮਾਜ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ।
Sunaria jail
ਉਨ੍ਹਾਂ ਕਿਹਾ ਕਿ ਅਜਿਹੇ ਸਿਆਸੀ ਫ਼ੈਸਲਿਆਂ ਦਾ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਅਤੇ ਇਹ ਅਜਿਹੇ ਫ਼ੈਸਲੇ ਹਨ ਜੋ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸਭ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਗੰਦੀ ਸਿਆਸਤ ਬੰਦ ਹੋਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਤੋਂ ਬਾਜ ਆਉਣਾ ਚਾਹੀਦਾ ਹੈ।
Sauda Sadh
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅੰਸ਼ੁਲ ਛਤਰਪਤੀ ਨੇ ਵਿਗੜਦੀ ਸਿਹਤ ਕਾਰਨ ਰਾਮ ਰਹੀਮ ਨੂੰ ਪੈਰੋਲ ਦੇਣ ਅਤੇ ਗੁਰੂਗ੍ਰਾਮ ਦੇ ਇੱਕ ਵੱਡੇ ਹਸਪਤਾਲ ਵਿੱਚ ਇਲਾਜ ਕਰਵਾਉਣ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਪੁੱਛਿਆ ਸੀ ਕਿ ਕੀ ਹੋਰ ਕੈਦੀਆਂ ਨੂੰ ਵੀ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ? ਇੱਕ ਬਲਾਤਕਾਰੀ ਅਤੇ ਕਾਤਲ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣਾ ਠੀਕ ਨਹੀਂ ਹੈ। ਹੁਣ ਉਹ 21 ਦਿਨਾਂ ਦੀ ਪੈਰੋਲ ਦੇਣ ਤੋਂ ਵੀ ਨਾਰਾਜ਼ ਨਜ਼ਰ ਆ ਰਹੇ ਹਨ।