
ਦਾਲਾਂ, ਚਾਵਲ, ਪਿਆਜ਼ ਅਤੇ ਟਮਾਟਰ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਕਾਰਨ ਜਨਵਰੀ ’ਚ ਘਰ ’ਚ ਬਣੀ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ
ਨਵੀਂ ਦਿੱਲੀ: ਸਾਲ-ਦਰ-ਸਾਲ ਆਧਾਰ ’ਤੇ ਘਰ ’ਚ ਬਣੀ ਸ਼ਾਕਾਹਾਰੀ ਥਾਲੀ ਜਨਵਰੀ ’ਚ 5 ਫੀ ਸਦੀ ਮਹਿੰਗੀ ਹੋ ਗਈ, ਜਦਕਿ ਮਾਸਾਹਾਰੀ ਥਾਲੀ 13 ਫੀ ਸਦੀ ਸਸਤੀ ਹੋ ਗਈ। ਬੁਧਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ।
ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ (ਐੱਮ.ਆਈ. ਐਂਡ ਏ.) ਰੀਸਰਚ ਵਲੋਂ ਜਾਰੀ ਚੌਲ ਰੋਟੀ ਦੀ ਕੀਮਤ ਦੇ ਅੰਦਾਜ਼ੇ ਮੁਤਾਬਕ ਦਾਲਾਂ, ਚਾਵਲ, ਪਿਆਜ਼ ਅਤੇ ਟਮਾਟਰ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਕਾਰਨ ਜਨਵਰੀ ’ਚ ਘਰ ’ਚ ਬਣੀ ਸ਼ਾਕਾਹਾਰੀ ਥਾਲੀ ਮਹਿੰਗੀ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਮਾਸਾਹਾਰੀ ਪਲੇਟ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਸਾਲਾਨਾ ਆਧਾਰ ’ਤੇ ਕ੍ਰਮਵਾਰ 35 ਫੀ ਸਦੀ ਅਤੇ 20 ਫੀ ਸਦੀ ਦਾ ਵਾਧਾ ਹੋਣ ਕਾਰਨ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਵਾਧਾ ਹੋਇਆ ਹੈ। ਸ਼ਾਕਾਹਾਰੀ ਥਾਲੀ ’ਚ 12 ਫ਼ੀ ਸਦੀ ਹਿੱਸਾ ਰੱਖਣ ਵਾਲੇ ਚੌਲਾਂ ਦੀਆਂ ਕੀਮਤਾਂ ’ਚ ਜਨਵਰੀ ਦੌਰਾਨ 14 ਫੀ ਸਦੀ ਦਾ ਵਾਧਾ ਹੋਇਆ, ਜਦਕਿ ਦਾਲਾਂ ਦੀ ਕੀਮਤ ’ਚ 21 ਫੀ ਸਦੀ ਦਾ ਵਾਧਾ ਹੋਇਆ।
ਮਾਸਾਹਾਰੀਆਂ ਲਈ, ਪਿਛਲਾ ਮਹੀਨਾ ਲਾਗਤ ਦੇ ਮਾਮਲੇ ’ਚ ਰਾਹਤ ਲੈ ਕੇ ਆਇਆ। ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਉਤਪਾਦਨ ਵਧਣ ਕਾਰਨ ਇਸ ਸਾਲ ਜਨਵਰੀ ’ਚ ਮਾਸਾਹਾਰੀ ਪਲੇਟ ਦੀ ਕੀਮਤ ’ਚ 26 ਫੀ ਸਦੀ ਦੀ ਗਿਰਾਵਟ ਆਈ ਹੈ। ਹਾਲਾਂਕਿ, ਦਸੰਬਰ 2023 ਦੇ ਮੁਕਾਬਲੇ ਜਨਵਰੀ 2024 ’ਚ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਦੀਆਂ ਕੀਮਤਾਂ ’ਚ ਕ੍ਰਮਵਾਰ ਛੇ ਫ਼ੀ ਸਦੀ ਅਤੇ ਅੱਠ ਫ਼ੀ ਸਦੀ ਦੀ ਕਮੀ ਆਈ ਹੈ।
ਰੀਪੋਰਟ ਮੁਤਾਬਕ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਮਹੀਨਾਵਾਰ ਆਧਾਰ ’ਤੇ ਕ੍ਰਮਵਾਰ 26 ਫੀ ਸਦੀ ਅਤੇ 16 ਫੀ ਸਦੀ ਦੀ ਕਮੀ ਅਤੇ ਟਮਾਟਰ ਦੀ ਆਮਦ ਵਧਣ ਕਾਰਨ ਦਸੰਬਰ ਦੇ ਮੁਕਾਬਲੇ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ ਕਮੀ ਆਈ ਹੈ। ਮਾਸਾਹਾਰੀ ਥਾਲੀ ਦੇ ਮਾਮਲੇ ’ਚ ਚਿਕਨ ਦੀ ਕੀਮਤ ’ਚ ਮਹੀਨਾਵਾਰ ਆਧਾਰ ’ਤੇ 8-10 ਫੀ ਸਦੀ ਦੀ ਕਟੌਤੀ ਕਾਰਨ ਪਲੇਟ ਦੀ ਕੀਮਤ ’ਚ ਤੇਜ਼ੀ ਨਾਲ ਕਮੀ ਆਈ ਹੈ।