
Madhya Pradesh: ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ, 17 ਗੰਭੀਰ ਜ਼ਖ਼ਮੀ
Madhya Pradesh: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਸ਼ੁਕਰਵਾਰ ਤੜਕੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਦੇ ਇਕ ਟੈਂਕਰ ਨਾਲ ਟਕਰਾ ਜਾਣ ਕਾਰਨ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਜ਼ਖ਼ਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲਿਸ ਦੇ ਡਿਪਟੀ ਸੁਪਰਡੈਂਟ (ਡੀਐਸਪੀ) ਉਮਾਕਾਂਤ ਚੌਧਰੀ ਨੇ ਦਸਿਆ ਕਿ ਹਾਦਸਾ ਆਗਰਾ ਤੋਂ ਮੁੰਬਈ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ’ਤੇ ਉਦੋਂ ਵਾਪਰਿਆ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਮਾਨਪੁਰ ਥਾਣਾ ਖੇਤਰ ਦੇ ਬੇਰੂ ਘਾਟ ਕੋਲ ਉਤਰਦੇ ਸਮੇਂ ਬੇਕਾਬੂ ਹੋ ਗਏ ਅਤੇ ਦੋਵੇਂ ਵਾਹਨ ਅੱਗੇ ਜਾ ਰਹੇ ਟੈਂਕਰ ਨਾਲ ਟਕਰਾ ਗਏ।
ਡੀਐਸਪੀ ਨੇ ਦਸਿਆ ਕਿ ਇਸ ਹਾਦਸੇ ਵਿੱਚ ਮਿੰਨੀ ਬੱਸ ’ਚ ਸਵਾਰ ਦੋ ਸ਼ਰਧਾਲੂਆਂ ਅਤੇ ਸਪੋਰਟ ਬਾਈਕ ’ਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਚੌਧਰੀ ਅਨੁਸਾਰ ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਡੀਐਸਪੀ ਨੇ ਦਸਿਆ ਕਿ ਹਾਦਸੇ ਵਿਚ 17 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ‘‘ਸ਼ੁਰੂਆਤੀ ਤੌਰ ’ਤੇ ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਡਰਾਈਵਰ ਸਪੋਰਟ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।’’ ਚੌਧਰੀ ਨੇ ਦਸਿਆ ਕਿ ਮਿੰਨੀ ਬੱਸ ’ਚ ਸਵਾਰ ਸ਼ਰਧਾਲੂ ਉਜੈਨ ’ਚ ਮਹਾਕਾਲੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਲ ਜਾ ਰਹੇ ਸਨ।