
ਦੇਸ਼ ਦੇ ਆਲਾ ਅਧਿਕਾਰੀਆਂ ਨੂੰ ਚੁਣਨ ਵਾਲੀ ਸਿਵਲ ਸੇਵਾ ਇਮਤਿਹਾਨ 2018 ਦੇ ਸੁਕਰਵਾਰ ਨੂੰ ਐਲਾਨੇ ਨਤੀਜਿਆਂ ਵਿਚ ਸਿਖਰਲੇ ਦਸ ਸਥਾਨ ਲੈਣ ਵਾਲਿਆਂ ਵਿਚੋਂ ਚਾਰ ਰਾਜਸਥਾਨ
ਜੈਪੁਰ : ਦੇਸ਼ ਦੇ ਆਲਾ ਅਧਿਕਾਰੀਆਂ ਨੂੰ ਚੁਣਨ ਵਾਲੀ ਸਿਵਲ ਸੇਵਾ ਇਮਤਿਹਾਨ 2018 ਦੇ ਸੁਕਰਵਾਰ ਨੂੰ ਐਲਾਨੇ ਨਤੀਜਿਆਂ ਵਿਚ ਸਿਖਰਲੇ ਦਸ ਸਥਾਨ ਲੈਣ ਵਾਲਿਆਂ ਵਿਚੋਂ ਚਾਰ ਰਾਜਸਥਾਨ ਦੇ ਹਨ। ਜੈਪੁਰ ਦੇ ਕਨਿਸ਼ਕ ਕਟਾਰੀਆ ਇਸ ਇਮਤਿਹਾਨ ਵਿਚ ਅਵੱਲ ਰਹੇ ਹਨ ਅਤੇ ਬੀਤੇ ਚਾਰ ਸਾਲ ਵਿਚ ਇਹ ਦੂਜਾ ਮੌਕਾ ਹੈ ਜਦ ਕਿਸੇ ਦਲਿਤ ਨੇ ਇਹ ਇਮਤਿਹਾਨ ਵਿਚ ਪਹਿਲਾ ਸਥਾਨ ਲਿਆ ਹੋਵੇ। ਇਸ ਤੋਂ ਪਹਿਲਾਂ 2015 ਵਿਚ ਟੀਨਾ ਡਾਬੀ ਪਹਿਲੇ ਨੰਬਰ 'ਤੇ ਰਹੀ ਸੀ। ਸੰਘ ਲੋਕਸੇਵਾ ਕਮਿਸ਼ਨ ਨੇ ਸ਼ੁਕਰਵਾਰ ਰਾਤ ਨਤੀਜੇ ਜਾਰੀ ਕੀਤੇ। ਇਨ੍ਹਾਂ ਵਿਚ ਜੈਪੁਰ ਦੇ ਕਨਿਸ਼ਕ ਕਟਾਰੀਆ ਨੂੰ ਪਹਿਲਾ ਰੈਂਕ ਮਿਲਿਆ ਹੈ।
ਇਸ ਤੋਂ ਇਲਾਵਾ ਜੈਪੁਰ ਦੇ ਹੀ ਅਕਸ਼ਤ ਜੈਨ ਦੂਜੇ, ਅਜਮੇਰ ਦੇ ਸ਼੍ਰੇਯਾਸ ਕੂਮਟ ਚੌਥੇ ਅਤੇ ਨੀਮਕਾਥਾਨਾ ਸੀਕਰ ਦੇ ਸ਼ੁਭਮ ਗੁਪਤਾ ਛੇਵੇਂ ਸਕਾਨ 'ਤੇ ਰਹੇ। ਜ਼ਿਕਰਯੋਗ ਹੈ ਕਿ 2013 ਵਿਚ ਜੈਪੁਰ ਦੇ ਗੌਰਵ ਅਗਰਵਾਲ ਇਸ ਇਮਤਿਹਾਨ ਵਿਚ ਅਵੱਲ ਰਹੇ ਸਨ। ਇਮਤਿਹਾਨ ਵਿਚ ਸੂਬੇ ਦੇ ਲਗਭਗ 20 ਉਮੀਦਵਾਰ ਸਫ਼ਲ ਰਹੇ ਸਨ। ਪਹਿਲੇ ਸਥਾਨ 'ਤੇ ਰਹੇ ਕਨਿਸ਼ਕ ਆਈਆਈਟੀ ਮੁੰਬਈ ਤੋਂ ਬੀਟੈਕ ਤੋਂ ਬਾਅਦ ਕੋਰੀਆ ਵਿਚ ਇਕ ਮੋਬਾਈਲ ਕੰਪਨੀ ਵਿਚ ਨੌਕਰੀ ਕਰਨ ਚਲੇ ਗਏ ਸਨ। ਪਰ ਸਿਵਲ ਸੇਵਾ ਵਿਚ ਜਾਣ ਦੀ ਲਲਕ ਨਾਲ ਉਨ੍ਹਾਂ ਪੂਰੀ ਤਨਦੇਹੀ ਨਾਲ ਤਿਆਰੀ ਕੀਤੀ। ਉਨ੍ਹਾਂ ਦੇ ਪਿਤਾ ਸਾਂਵਰਮਲ ਵੀ ਆਈਏਐਸ ਅਧਿਕਾਰੀ ਹਨ।
ਦੂਜੇ ਸਥਾਨ 'ਤੇ ਰਹੇ ਅਕਸ਼ਤ ਜੈਨ ਆਈਆਈਟੀ ਗੁਹਾਟੀ ਤੋਂ ਪੜ੍ਹੇ ਹਨ। ਉਨ੍ਹਾਂ ਦੇ ਪਿਤਾ ਡੀਸੀ ਜੈਨ ਆਈਪੀਐਸ ਹਨ ਅਤੇ ਅਕਸ਼ਤ ਦਾ ਇਸ ਇਮਤਿਹਾਨ ਵਿਚ ਦੂਜਾ ਯਤਨ ਸੀ। ਆਡਿਟ ਅਤੇ ਅਕਾਂਊਟ ਸੇਵਾ ਵਿਚ ਕੰਮ ਕਰਦੇ ਸ਼ੁਭਮ ਗੁਪਤਾ ਨੇ ਚੌਥੀ ਵਾਰ ਵਿਚ ਛੇਵਾਂ ਰੈਂਕ ਹਾਸਲ ਕੀਤਾ ਹੈ। ਇਸ ਤਰ੍ਹਾਂ ਇਮਤਿਹਾਨ ਵਿਚ ਅਲੱਗ ਅਲੱਗ ਰੈਂਕ ਲੈਣ ਵਾਲਿਆਂ ਵਿਚ ਜੈਪੁਰ ਦੀ ਖ਼ੁਸ਼ਬੂ ਲਾਠਰ, ਅਕਸ਼ੇ ਕਾਬਰਾ ਅਤੇ ਹਨੁਲ ਚੌਧਰੀ ਦਾ ਨਾਂ ਵੀ ਸ਼ਾਮਲ ਹੈ। (ਪੀਟੀਆਈ)