
ਮੋਦੀ ਨੇ ਰਾਜਧ੍ਰੋਹ ਕਾਨੂੰਨ ਖ਼ਤਮ ਕਰਨ ਸਬੰਧੀ ਕਾਂਗਰਸ ਦੀ ਵੀ ਸਖ਼ਤ ਨਿੰਦਾ ਕੀਤੀ
ਨਾਂਦੇੜ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ਤੋਂ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਮੋਦੀ ਨੇ ਕਾਂਗਰਸ ਨੂੰ 'ਡੁੱਬਦੇ ਹੋਏ ਟਾਈਟੈਨਿਕ ਜਹਾਜ਼' ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ 'ਗਜ਼ਨੀ' ਵਾਂਗ ਵਾਅਦੇ ਕਰਕੇ ਭੁੱਲ ਜਾਂਦੀ ਹੈ। ਦੱਸ ਦਈਏ 'ਟਾਈਟੈਨਿਕ' ਮਸ਼ਹੂਰ ਅੰਗਰੇਜ਼ੀ ਫਿਲਮ ਹੈ ਜਿਸ ਵਿਚ ਵੱਡਾ ਜਹਾਜ਼ ਟਾਈਟੈਨਿਕ ਡੁੱਬ ਜਾਂਦਾ ਹੈ ਜਦਕਿ 'ਗਜ਼ਨੀ' ਆਮਿਰ ਖ਼ਾਨ ਦੀ ਹਿੰਦੀ ਫਿਲਮ ਹੈ ਜਿਸ ਵਿਚ ਉਸ ਨੂੰ ਭੁੱਲਣ ਦੀ ਬਿਮਾਰੀ ਹੁੰਦੀ ਹੈ।
ਮੋਦੀ ਨੇ ਰਾਜਧ੍ਰੋਹ ਕਾਨੂੰਨ ਖ਼ਤਮ ਕਰਨ ਸਬੰਧੀ ਕਾਂਗਰਸ ਦੀ ਵੀ ਸਖ਼ਤ ਨਿੰਦਾ ਕੀਤੀ। ਮੋਦੀ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਮੁਸ਼ਕਲ ਵਿਚ ਹੁੰਦੀ ਹੈ, ਉਹ ਝੂਠੇ ਵਾਅਦੇ ਕਰਦੀ ਹੈ ਤੇ ਗਜ਼ਨੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹਾ ਟਾਈਟੈਨਿਕ ਜਹਾਜ਼ ਹੈ ਜੋ ਡੁੱਬ ਰਿਹਾ ਹੈ। 2014 ਦੀਆਂ ਚੋਣਾਂ ਵਿਚ ਪਾਰਟੀ ਘਟ ਕੇ ਸਿਰਫ਼ 44 ਸੀਟਾਂ 'ਤੇ ਸਿਮਟ ਗਈ ਸੀ। ਇਸੇ ਲਈ ਉਸ ਨੂੰ ਬੁਰੀ ਸਥਿਤੀ ਦਾ ਡਰ ਸਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਕਾਂਗਰਸ ਜਿੰਨੇ ਵਿਧਾਇਕ ਹਨ, ਉਸ ਤੋਂ ਕਿਤੇ ਵੱਧ ਉਸ ਦੇ ਗੁੱਟ ਬਣੇ ਹਨ। ਮੋਦੀ ਨੇ ਮੱਧ ਮਹਾਰਾਸ਼ਟਰ ਦੇ ਨਾਂਦੇੜ, ਲਾਤੂਰ, ਹਿੰਗੋਲੀ ਤੇ ਪਰਭਣੀ ਦੇ ਬੀਜੇਪੀ ਉਮੀਦਵਾਰਾਂ ਦੇ ਸਮਰਥਨ ਵਿਚ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਉਕਤ ਗੱਲਾਂ ਕਹੀਆਂ। ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਮੈਨੀਫੈਸਟੋ ਵਿਚ ਗਰੀਬਾਂ ਲਈ ਘੱਟੋ-ਘੱਟ ਆਮਦਨ ਗਰੰਟੀ ਯਕੀਨੀ ਕਰਨ ਸਬੰਧੀ ਉਸਦੇ ਵਾਅਦੇ ਬਾਰੇ ਬੋਲਦਿਆਂ ਕਿਹਾ ਕਿ ਇਸ ਯੋਜਨਾ ਲਈ ਪੈਸੇ ਇਕੱਠੇ ਕਰਨ ਲਈ ਕਾਂਗਰਸ ਨੇ ਮੱਧ ਵਰਗ 'ਤੇ ਬੋਝ ਪਾਉਣ ਦੀ ਵੀ ਯੋਜਨਾ ਬਣਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਰੀੜ੍ਹ ਦੀ ਹੱਡੀ ਮੱਧ ਵਰਗ ਲਈ ਕਾਂਗਰਸ ਨੇ ਇਸ ਮੈਨੀਫੈਸਟੋ ਵਿਚ ਕੋਈ ਵਾਅਦਾ ਨਹੀਂ ਕੀਤਾ।