
ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੂੰ ਪੱਤਰ ਲਿਖ ਕੇ ਕਿਹਾ ਹੈ.......
ਤਰਨਤਾਰਨ : ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫ਼ੜਨਵੀਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਗੁਰਦਵਾਰਾ ਐਕਟ 1956 ਵਿਚ ਕੋਈ ਸੋਧ ਨਾ ਕੀਤੀ ਜਾਵੇ, ਇਸ ਨਾਲ ਨਾਂਦੇੜ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਪੰਜ ਪਿਆਰਿਆਂ ਦੀ ਅੱਜ ਹੋਈ ਮੀਟਿੰਗ ਵਿਚ ਲਏ ਫ਼ੈਸਲੇ ਮੁਤਾਬਕ ਪੰਜ ਪਿਆਰਿਆਂ ਦੇ ਦਸਤਖ਼ਤਾਂ ਹੇਠ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਦੀ ਇਕ ਕਾਪੀ ਮਹਾਰਾਸ਼ਟਰ ਦੇ ਰੈਵਿਨਿਊ ਮੰਤਰੀ ਚੰਦਰ ਕਾਂਤ ਦਾਦਾ ਪਾਟਿਲ ਨੂੰ ਭੇਜੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਪਤਾ ਲੱਗਾ ਹੈ ।
ਕਿ ਮਹਾਰਾਸ਼ਟਰ ਸਰਕਾਰ ਗੁਰਦਵਾਰਾ ਐਕਟ 1956 ਵਿਚ ਸੋਧ ਕਰ ਕੇ ਅਪਣੇ ਵਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ 2 ਤੋਂ 8 ਕਰਨ ਜਾ ਰਹੀ ਹੈ। ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕਰਨ ਦੀਆਂ ਖ਼ਬਰਾਂ ਨੂੰ ਲੈ ਕੇ ਸਥਾਨਕ ਸੰਗਤ ਵਿਚ ਵਿਰੋਧ ਦੀ ਭਾਵਨਾ ਹੈ। ਇਸ ਨਾਲ ਸ਼ਾਂਤੀ ਭੰਗ ਹੋਣ ਦੀਆਂ ਸੰਭਾਵਨਾਵਾਂ ਹਨ। ਗੁਰਦਵਾਰਾ ਸੱਚਖੰਡ ਹਜ਼ੂਰ ਸਾਹਿਬ ਅੰਤਰਰਾਸ਼ਟਰੀ ਪੱਧਰ ਦਾ ਧਾਰਮਕ ਅਸਥਾਨ ਹੈ ਜਿਥੇ ਆਨੰਦ ਤੇ ਸ਼ਾਂਤੀ ਹੈ। ਇਸ ਸਥਾਨ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਗੁਰਦਵਾਰਾ ਐਕਟ ਵਿਚ ਕੋਈ ਸੋਧ ਨਾ ਕੀਤੀ ਜਾਵੇ। ਪੱਤਰ ਵਿਚ ਲਿਖਿਆ ਗਿਆ ਹੈ।
ਕਿ ਇਸ ਤੋਂ ਪਹਿਲਾਂ 27 ਅਪ੍ਰੈਲ 2014 ਅਤੇ 17 ਜੂਨ 2014 ਨੂੰ ਵੀ ਗੁਰਦਵਾਰਾ ਐਕਟ 1956 ਵਿਚ ਕੋਈ ਸੋਧ ਨਾ ਕਰਨ ਦਾ ਮਤਾ ਪੰਜ ਪਿਆਰਿਆਂ ਨੇ ਪਾਸ ਕਰ ਕੇ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਸੀ ਜਿਸ ਦਾ ਸਰਕਾਰ ਨੇ ਸਨਮਾਨ ਕੀਤਾ ਸੀ। ਪੱਤਰ 'ਤੇ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ, ਹੈੱਡ ਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਮੀਤ ਗ੍ਰੰਥੀ ਗਿਆਨੀ ਅਵਤਾਰ ਸਿੰਘ ਅਤੇ ਗਿਆਨੀ ਰਾਮ ਸਿੰਘ ਧੁੱਪੀਆ ਦੇ ਦਸਤਖ਼ਤ ਹਨ।