
ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਨੂੰ ਦੇਸ਼ਭਗਤੀ ਦੀ ਨਵੀਂ ਪਰਿਭਾਸ਼ਾ ਸਿਖਾਈ ਜਾ ਰਹੀ ਹੈ
ਨਵੀਂ ਦਿੱਲੀ: ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਨੂੰ ਦੇਸ਼ਭਗਤੀ ਦੀ ਨਵੀਂ ਪਰਿਭਾਸ਼ਾ ਸਿਖਾਈ ਜਾ ਰਹੀ ਹੈ ਜਦਕਿ ਵੰਨ-ਸੁਵੰਨਤਾ ਪ੍ਰਵਾਨ ਨਾ ਕਰਨ ਵਾਲਿਆਂ ਨੂੰ ਦੇਸ਼ਭਗਤ ਕਿਹਾ ਜਾ ਰਿਹਾ ਹੈ। ਗਾਂਧੀ ਨੇ ਇਥੇ ਸਮਾਗਮ ਵਿਚ ਕਿਹਾ ਕਿ ਮੌਜੂਦਾ ਸਰਕਾਰ ਅਸਹਿਮਤੀ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜਦ ਅਪਣੀ ਸ਼ਰਧਾ 'ਤੇ ਕਾਇਮ ਰਹਿਣ ਵਾਲਿਆਂ 'ਤੇ ਹਮਲੇ ਹੁੰਦੇ ਹਨ ਤਾਂ ਇਹ ਸਰਕਾਰ ਮੂੰਹ ਮੋੜ ਲੈਂਦੀ ਹੈ। ਗਾਂਧੀ ਨੇ ਕਿਹਾ, 'ਦੇਸ਼ ਦੀ ਆਤਮਾ ਨੂੰ ਸਾਜ਼ਸ਼ ਤਹਿਤ ਖ਼ਤਮ ਕੀਤਾ ਜਾ ਰਿਹਾ ਹੈ
ਜੋ ਚਿੰਤਾ ਦੀ ਗੱਲ ਹੈ।' ਗਾਂਧੀ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿਚ ਕਾਨੂੰਨ ਦਾ ਰਾਜ ਕਾਇਮ ਕਰਨ ਵਿਚ ਅਪਣੇ ਫ਼ਰਜ਼ ਦੀ ਪਾਲਣ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਕਾਂਗਰਸ ਦੇ ਚੋਣ ਵਾਅਦੇ ਬਾਰੇ ਕਿਹਾ ਕਿ ਜੇ ਪਾਰਟੀ ਸੱਤਾ ਵਿਚ ਆਈ ਤਾਂ ਉਨ੍ਹਾਂ ਨੂੰ ਲਾਗੂ ਕਰਨ ਲਈ ਨਿਗਰਾਨੀ ਵਾਸਤੇ ਸਿਸਟਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ, 'ਅਸੀਂ ਜੋ ਵਾਅਦੇ ਕੀਤੇ ਹਨ, ਉਨ੍ਹਾਂ ਬਾਰੇ ਮੈਨੂੰ ਕੋਈ ਸ਼ੱਕ ਨਹੀਂ।' (ਏਜੰਸੀ)