
ਤਿਵਾੜੀ ਨੂੰ ਅਨੰਦਪੁਰ ਸੀਟ ਦੇਣ ਤੋਂ ਪਹਿਲਾਂ ਪੁਛਿਆ, ਅਨੰਦਪੁਰ ਸਿੱਖ ਸੀਟ ਹੈ ਜਾਂ ਹਿੰਦੂ ਸੀਟ?
ਚੰਡੀਗੜ੍ਹ : ਕਾਂਗਰਸ ਪਾਰਟੀ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ 9 ਹਲਕਿਆਂ ਲਈ ਉਮੀਦਵਾਰ ਮੈਦਾਨ ਵਿਚ ਉਤਾਰ ਦਿਤੇ ਹਨ ਅਤੇ ਹੁਣ ਚਾਰ ਹਲਕੇ ਅਨੰਦਪੁਰ ਸਾਹਿਬ, ਸੰਗਰੂਰ, ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਅੱਜ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਤਿੰਨ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਛੇ ਹਲਕਿਆਂ ਲਈ ਤਿੰਨ ਚਾਰ ਦਿਨ ਪਹਿਲਾਂ ਐਲਾਨ ਹੋ ਚੁਕਿਆ ਹੈ। ਅਸਲ ਵਿਚ ਜਿਨ੍ਹਾਂ ਚਾਰ ਹਲਕਿਆਂ ਲਈ ਅਜੇ ਉੁਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਉਨ੍ਹਾਂ ਉਪਰ ਉਮੀਦਵਾਰ ਐਲਾਨਣ ਦੀ ਕਮਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਵਿਚ ਹੈ।
ਉਹ ਨਿਜੀ ਤੌਰ 'ਤੇ ਇਨ੍ਹਾਂ ਹਲਕਿਆਂ ਲਈ ਢੁਕਵੇਂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਟੱਕਰ ਦੇਣ ਵਾਲੇ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਪਿਛਲੇ ਦਿਨ ਜਦ ਪੰਜਾਬ ਦੀ ਚੋਣ ਕਮੇਟੀ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ ਤਾਂ ਉਹ ਪਹਿਲਾਂ ਤਾਂ ਅਨੰਦਪੁਰ ਸਾਹਿਬ ਹਲਕੇ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਦੇ ਮਾਮਲੇ ਵਿਚ ਅੜ ਗਏ ਅਤੇ ਪੁਛਿਆ ਕਿ ਦਸੋ ਇਹ ਹਿੰਦੂ ਸੀਟ ਹੈ ਜਾਂ ਸਿੱਖ ਸੀਟ?
ਉਨ੍ਹਾਂ ਨੂੰ ਇਸ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਵੀ ਹਲਕੇ ਬਾਰੇ ਲਿਖਤੀ ਰੂਪ ਵਿਚ ਜਾਣਕਾਰੀ ਮਿਲੀ ਹੈ। ਦੂਜਾ ਮਨੀਸ਼ ਤਿਵਾੜੀ ਤੋਂ ਉਹ ਇਸ ਕਰ ਕੇ ਵੀ ਖ਼ਫ਼ਾ ਹਨ ਕਿ ਉਨ੍ਹਾਂ ਨੇ 2014 ਦੀਆਂ ਚੋਣਾਂ ਸਮੇਂ ਲੁਧਿਆਣਾ ਤੋਂ ਚੋਣ ਲੜਨ ਤੋਂ ਇਨਕਾਰ ਕੀਤਾ ਸੀ। ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਲਈ ਪੰਜਾਬ ਦੀ ਚੋਣ ਕਮੇਟੀ ਨੇ ਸਿਫ਼ਾਰਸ਼ ਕਰ ਦਿਤੀ ਸੀ। ਬੇਸ਼ਕ ਸੁਨੀਲ ਜਾਖੜ ਮਨੀਸ਼ ਤਿਵਾੜੀ ਦੇ ਹੱਕ ਵਿਚ ਨਹੀਂ ਸਨ। ਪ੍ਰੰਤੂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਮਨੀਸ਼ ਤਿਵਾੜੀ ਦੇ ਹੱਕ ਵਿਚ ਹਨ।
ਟਿਕਟ ਤਾਂ ਮਨੀਸ਼ ਤਿਵਾੜੀ ਨੂੰ ਮਿਲ ਜਾਣ ਦੀ ਕਾਫ਼ੀ ਸੰਭਾਵਨਾ ਹੈ ਪ੍ਰੰਤੂ ਰਾਹੁਲ ਗਾਂਧੀ ਪਾਰਟੀ ਆਗੂਆਂ ਨੂੰ ਸਖ਼ਤ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੋ ਹਾਈਕਮਾਨ ਦਾ ਹੁਕਮ ਨਹੀਂ ਮੰਨਦਾ ਉਹ ਭਵਿੱਖ ਵਿਚ ਟਿਕਟ ਦੀ ਆਸ ਨਾ ਰੱਖੇ। ਜਿਥੋਂ ਤਕ ਫ਼ਿਰੋਜ਼ਪੁਰ ਹਲਕੇ ਦਾ ਸਬੰਧ ਹੈ, ਇਥੇ ਸ਼ੇਰ ਸਿੰਘ ਘੁਬਾਇਆ ਨੂੰ ਪਾਰਟੀ ਵਿਚ ਸ਼ਾਮਲ ਕਰਨ ਨਾਲ ਪਾਰਟੀ ਲਈ ਮੁਸ਼ਕਲ ਪੈਦਾ ਹੋ ਗਈ ਹੈ। ਇਕ ਪਾਸੇ ਤਾਂ ਹਲਕੇ ਦੇ ਸਾਰੇ ਕਾਂਗਰਸੀ ਇਕੱਠੇ ਹਨ ਅਤੇ ਦੂਜੇ ਪਾਸੇ ਘੁਬਾਇਆ। ਅਸਲ ਵਿਚ ਘੁਬਾਇਆ ਨੂੰ ਹਾਈਕਮਾਨ ਨੇ ਸਿੱਧਾ ਪਾਰਟੀ ਵਿਚ ਸ਼ਾਮਲ ਕੀਤਾ ਹੈ।
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਹੀ ਉਨ੍ਹਾਂ ਨੂੰ ਰਾਹੁਲ ਕੋਲ ਲਿਜਾ ਕੇ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ। ਪੰਜਾਬ ਚੋਣ ਕਮੇਟੀ ਇਸ ਹਲਕੇ ਦੀ ਉਮੀਦਵਾਰੀ ਲਈ ਇਕਮਤ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦੇਣ ਦੇ ਹੱਕ ਵਿਚ ਹਨ ਜਦਕਿ ਜਾਖੜ ਅਤੇ ਆਸ਼ਾ ਕੁਮਾਰੀ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਹਨ। ਹੁਣ ਮਾਮਲਾ ਰਾਹੁਲ ਕੋਲ ਹੈ ਅਤੇ ਉਹ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਕੱਢਦੇ ਹਨ ਇਹ ਵੇਖਣ ਵਾਲੀ ਗੱਲ ਹੈ।
ਜਿਥੋਂ ਤਕ ਬਠਿੰਡਾ ਹਲਕੇ ਦਾ ਸਬੰਧ ਹੈ, ਉਥੇ ਵੀ ਹਲਕੇ ਦੇ ਨੇਤਾ ਇਕਮੁਠ ਹਨ ਅਤੇ ਉਹ ਚਾਹੁੰਦੇ ਹਨ ਕਿ ਹਲਕੇ ਦੇ ਕਿਸੀ ਵੀ ਨੇਤਾ ਨੂੰ ਟਿਕਟ ਦਿਤੀ ਜਾਵੇ। ਪ੍ਰੰਤੂ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਕਿਸੀ ਤਕੜੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਜਾਵੇ ਜੋ ਬਾਦਲ ਪ੍ਰਵਾਰ ਦੇ ਉਮੀਦਵਾਰ ਨੂੰ ਫਸਵੀਂ ਟੱਕਰ ਦੇ ਸਕੇ।
ਬੇਸ਼ਕ ਨਵਜੋਤ ਸਿੰਘ ਸਿੱਧੂ ਜੋੜਾ, ਪੰਜਾਬ ਦੇ ਕਿਸੀ ਹਲਕੇ ਤੋਂ ਚੋਣ ਲੜਨ ਤੋਂ ਇਨਕਾਰ ਕਰ ਚੁਕਾ ਹੈ ਪੰਤੂ ਹਾਈਕਮਾਨ ਦੀ ਨਜ਼ਰ ਅਜੇ ਵੀ ਉਨ੍ਹਾਂ ਉਪਰ ਹੀ ਹੈ। ਇਸੀ ਤਰ੍ਹਾਂ ਮੰਤਰੀ ਵਿਜੇਇੰਦਰ ਸਿੰਗਲਾ ਜੋ ਇਕ ਵਾਰ ਸੰਗਰੂਰ ਹਲਕੇ ਤੋਂ ਐਮ.ਪੀ. ਵੀ ਰਹਿ ਚੁਕੇ ਹਨ, ਤਾਂ ਨਾਮ ਵੀ ਹਾਈਕਮਾਨ ਦੇ ਧਿਆਨ ਵਿਚ ਹੈ।
ਰਾਹੁਲ ਗਾਂਧੀ ਸਿੱਧੂ ਜੋੜੇ ਵਿਚੋਂ ਕਿਸੀ ਇਕ ਨੂੰ ਜਾਂ ਸਿੰਗਲਾ ਨੂੰ ਜਾਂ ਮਨਪ੍ਰੀਤ ਬਾਦਲ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਣ ਦੇ ਹੱਕ ਵਿਚ ਹਨ। ਸਿੰਗਲਾ ਅਤੇ ਮਨਪ੍ਰੀਤ ਬਾਦਲ ਵੀ ਚੋਣ ਲੜਨ ਤੋਂ ਇਨਕਾਰ ਕਰ ਚੁਕੇ ਹਨ। ਇਸੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸੰਗਰੂਰ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇਣ ਦੇ ਹੱਕ ਵਿਚ ਹਨ ਪ੍ਰੰਤੂ ਰਾਹੁਲ ਗਾਂਧੀ ਦੀ ਨਜ਼ਰ ਵਿਜੇਇੰਦਰ ਸਿੰਗਲਾ ਉਪਰ ਹੈ। ਹੁਣ ਮਾਮਲਾ ਹਾਈਕਮਾਨ ਦੇ ਹੱਥ ਵਿਚ ਹੈ ਅਤੇ ਇਸ ਦਾ ਫ਼ੈਸਲਾ ਰਾਹੁਲ ਗਾਂਧੀ ਹੀ ਕਰਨਗੇ।