
ਮੱਧ ਪ੍ਰਦੇਸ਼ ਵਿਚ ਮਹਿੰਗਾਈ ਭੱਤੇ ‘ਤੇ ਰੋਕ ਦੇ ਫੈਸਲੇ ਦਾ ਮਾਮਲਾ ਭਖਦਾ ਜਾ ਰਿਹਾ ਹੈ।
ਭੋਪਾਲ: ਮੱਧ ਪ੍ਰਦੇਸ਼ ਵਿਚ ਮਹਿੰਗਾਈ ਭੱਤੇ ‘ਤੇ ਰੋਕ ਦੇ ਫੈਸਲੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਹੁਣ ਇਸ ਮਾਮਲੇ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇਕ ਚਿੱਠੀ ਲਿਖੀ ਹੈ। ਦੱਸ ਦਈਏ ਕਿ ਪ੍ਰਦੇਸ਼ ਵਿਚ ਜਾਰੀ ਕੋਰੋਨਾ ਸੰਕਟ ਦੇ ਚਲਦਿਆਂ ਰਾਜ ਸਰਕਾਰ ਨੇ ਅਪਣੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧਾਉਣ ਵਾਲੇ ਸਰਕਾਰ ਦੇ ਫੈਸਲੇ ‘ਤੇ ਦੋ ਦਿਨ ਪਹਿਲਾਂ ਰੋਕ ਲਗਾ ਦਿੱਤੀ ਹੈ।
ਰਾਜ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ, ਕਾਂਗਰਸ ਪਾਰਟੀ ਇਸ ਸਮੇਂ ਜ਼ੁਬਾਨੀ ਅਤੇ ਚਿੱਠੀ ਰਾਹੀਂ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸ ਕੜੀ ਵਿਚ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸੋਸ਼ਲ ਮੀਡੀਆ ‘ਤੇ ਵਿਰੋਧ ਕਰਨ ਤੋਂ ਬਾਅਦ ਇਹ ਪੱਤਰ ਲਿਖਿਆ ਹੈ।
ਕਮਲਨਾਥ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਉਹਨਾ ਦੀ ਸਰਕਾਰ ਵੱਲੋਂ 16 ਮਾਰਚ, 2020 ਨੂੰ ਰਾਜ ਦੇ ਕਰਮਚਾਰੀਆਂ ਅਤੇ ਸਥਾਈ ਕਰਮਚਾਰੀਆਂ ਦੇ ਛੇਵੇਂ ਅਤੇ ਸੱਤਵੇਂ ਤਨਖਾਹ ਸਕੇਲ ਵਿਚ 164 ਫੀਸਦੀ ਅਤੇ 17 ਫੀਸਦੀ ਮਹਿੰਗਾਈ ਭੱਤਾ ਪ੍ਰਵਾਨ ਕੀਤਾ ਗਿਆ ਸੀ। ਤੁਹਾਡੀ ਸਰਕਾਰ ਵੱਲੋਂ ਇਸ ਫੈਸਲੇ ਨੂੰ ਰੱਦ ਕਰਨਾ ਗੈਰ-ਸੰਵਿਧਾਨਕ ਹੈ।
ਪੱਤਰ ਵਿਚ ਕਮਲਨਾਥ ਨੇ ਅੱਗੇ ਸਵਾਲ ਕੀਤਾ ਹੈ ਕਿ ਕੀ ਰਾਜ ਦੇ ਛੋਟੇ ਕਰਮਚਾਰੀਆਂ ਨੂੰ ਨਿਆਂ ਦੇਣ ਦਾ ਫੈਸਲਾ ਗਲਤ ਹੈ? ਕੀ ਤੁਹਾਡੀ ਸਰਕਾਰ ਕਿਸੇ ਚੁਣੀ ਹੋਈ ਸਰਕਾਰ ਦੇ ਫੈਸਲੇ ਨੂੰ ਉਲਟਾ ਕੇ ਕਰਮਚਾਰੀਆਂ ਤੋਂ ਬਦਲਾ ਲੈ ਰਹੀ ਹੈ? ਮੈਂ ਅਤੇ ਮੇਰੀ ਪਾਰਟੀ ਸੜਕ ਤੋਂ ਲੈ ਕੇ ਸਦਨ ਤੱਕ ਇਸ ਦਾ ਵਿਰੋਧ ਕਰਾਂਗੇ।
ਪੱਤਰ ਵਿਚ ਕਮਲਨਾਥ ਨੇ ਰਾਜ ਸਰਕਾਰ ਤੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਪੈਦਾ ਹੋਈਆਂ ਸਥਿਤੀਆਂ ਦਰਮਿਆਨ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਕਰਮਚਾਰੀਆਂ ਨੂੰ ਰਾਹਤ ਦੇਣ ਦੀ ਮੰਗ ਵੀ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।