
ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ 109 ਲੋਕਾਂ ਦੀ ਮੌਤ, ਕੇਸਾਂ ਦੀ ਗਿਣਤੀ 4067 ਹੋਈ
ਨਵੀਂ ਦਿੱਲੀ, 6 ਅਪ੍ਰੈਲ: ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਵੱਧ ਕੇ 4067 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 109 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਵੱਖ ਵੱਖ ਹਸਪਤਾਲਾਂ ਵਿਚ 3666 ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 291 ਲੋਕਾਂ ਨੂੰ ਇਲਾਜ ਮਗਰੋਂ ਤੰਦਰੁਸਤ ਹੋਣ 'ਤੇ ਛੁੱਟੀ ਦੇ ਦਿਤੀ ਗਈ ਹੈ। ਇਕ ਵਿਅਕਤੀ ਵਿਦੇਸ਼ ਚਲਾ ਗਿਆ ਹੈ। ਕੁਲ ਮਾਮਲਿਆਂ ਵਿਚ 65 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। 24 ਘੰਟਿਆਂ ਵਿਚ 693 ਨਵੇਂ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਦਸਿਆ ਕਿ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਿਚ ਭਾਰਤ ਦੂਜੇ ਅਤੇ ਤੀਜੇ ਗੇੜ ਵਿਚਲੀ ਸਥਿਤੀ ਵਿਚ ਹੈ। ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਸਿਆ ਕਿ ਪੀੜਤ ਵਿਅਕਤੀਆਂ ਅਤੇ ਮ੍ਰਿਤਕਾਂ ਵਿਚ ਲਗਭਗ ਦੋ ਤਿਹਾਈ ਮਰਦ ਹਨ। ਪੀੜਤਾਂ ਵਿਚ 76 ਫ਼ੀ ਸਦੀ ਮਰਦ ਅਤੇ 24 ਫ਼ੀ ਸਦੀ ਔਰਤਾਂ ਹਨ ਜਦਕਿ ਮ੍ਰਿਤਕਾਂ ਵਿਚ 73 ਫ਼ੀ ਸਦੀ ਪੁਰਸ਼ ਅਤੇ 27 ਫ਼ੀ ਸਦੀ ਔਰਤਾਂ ਹਨ। ਉਮਰ ਆਧਾਰਤ ਵਿਸ਼ਲੇਸ਼ਣ ਤਹਿਤ ਪੀੜਤਾਂ ਵਿਚ 40 ਸਾਲ ਤੋਂ ਘੱਟ ਉਮਰ ਦੇ 47 ਫ਼ੀ ਸਦੀ ਲੋਕ ਹਨ। 40 ਤੋਂ 60 ਸਾਲ ਤਕ ਦੇ ਮਰੀਜ਼ 34 ਫ਼ੀ ਸਦੀ ਹਨ ਅਤੇ 60 ਸਾਲ ਤੋਂ ਵੱਧ ਉਮਰ ਵਾਲੇ ਮਰੀਜ਼ਾਂ ਦੀ ਗਿਣਤੀ 19 ਫ਼ੀ ਸਦੀ ਹੈ।
ਮਹਾਰਾਸ਼ਟਰ ਵਿਚ 21 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਜਾਂ ਦੁਆਰਾ ਦਿਤੀ ਗਈ ਜਾਣਕਾਰੀ ਮੁਤਾਬਕ ਦੇਸ਼ ਵਿਚ ਕੋਰੋਨਾ ਦੀ ਲਾਗ ਨਾਲ ਘੱਟੋ ਘੱਟ 111 ਲੋਕਾਂ ਦੀ ਮੌਤ ਹੋ ਗਈ ਜਦਕਿ ਲਾਗ ਦੇ ਮਾਮਲੇ ਵੱਧ ਕੇ 4111 ਹੋ ਗਏ। ਸੱਭ ਤੋਂ ਜ਼ਿਆਦਾ 45 ਮੌਤਾਂ ਮਹਾਰਾਸ਼ਟਰ ਵਿਚ ਹੋਈਆਂ ਹਨ।
car wash
ਗੁਜਰਾਤ ਵਿਚ 11, ਮੱਧ ਪ੍ਰਦੇਸ਼ ਵਿਚ ਨੌਂ, ਤੇਲੰਗਾਨਾ ਅਤੇ ਦਿੱਲੀ ਵਿਚ ਚਾਰ ਚਾਰ ਮੌਤਾਂ ਹੋਈਆਂ ਹਨ। ਦੇਸ਼ ਵਿਚ ਲਾਗ ਦੇ ਸੱਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿਚ ਹਨ। ਤੇਲੰਗਾਨਾ ਵਿਚ ਪੀੜਤਾਂ ਦੀ ਗਿਣਤੀ 321, ਕੇਰਲਾ ਵਿਚ 314 ਅਤੇ ਰਾਜਸਥਾਨ ਵਿਚ 253 ਹੈ। ਜੰਮੂ ਕਸ਼ਮੀਰ ਵਿਚ 106, ਹਰਿਆਣਾ ਵਿਚ 84, ਪਛਮੀ ਬੰਗਾਲ ਵਿਚ 80 ਮਾਮਲੇ ਸਾਹਮਣੇ ਆਏ ਹਨ। ਬਿਹਾਰ ਵਿਚ 30 ਜਦਕਿ ਆਸਾਮ ਅਤੇ ਉਤਰਾਖੰਡ ਵਿਚ 26-26 ਮਾਮਲੇ ਹਨ। (ਏਜੰਸੀ)
ਬੀਮਾਰੀ ਦੇ ਸਮੂਹਕ ਫੈਲਾਅ ਦਾ ਦਾਅਵਾ ਰੱਦ
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਹ ਦਾਅਵਾ ਰੱਦ ਕਰ ਦਿਤਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਮਿਊਨਿਟੀ ਟਰਾਂਸਮਿਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਖੇਤਰ ਵਿਚ ਸਥਾਨਕ ਫੈਲਾਅ ਨੂੰ ਸਮੂਹਕ ਫੈਲਾਅ ਨਹੀਂ ਕਿਹਾ ਜਾ ਸਕਦਾ। ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਸੋਮਵਾਰ ਨੂੰ ਕਿਸੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿਚ ਕੋਰੋਨਾ ਮਹਾਮਾਰੀ ਤੀਜੀ ਸਟੇਜ ਵਿਚ ਪਹੁੰਚ ਗਈ ਹੈ। ਸਮੂਹਕ ਫੈਲਾਅ ਦਾ ਮਤਲਬ ਹੈ ਕਿ ਬੀਮਾਰੀ ਦਾ ਲੋਕਾਂ ਵਿਚ ਫੈਲ ਜਾਣਾ ਅਤੇ ਬੀਮਾਰੀ ਦੇ ਸ੍ਰੋਤ ਦਾ ਪਤਾ ਨਾ ਲਗਣਾ।