
ਹੁਣ ਜਿਹੜੇ ਵੀ ਨਿਊਜ਼ੀਲੈਂਡ ਦੇ ਵਸਨੀਕ ਆਸਟਰੇਲੀਆ ਜਾ ਕੇ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ
ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਸਰਕਾਰ ਨੇ 19 ਅਪ੍ਰੈਲ ਤੋਂ ‘ਟ੍ਰਾਂਸ-ਟਾਸਮਨ ਬੱਬਲ’ ਦਾ ਘੇਰਾ ਬਗਲਦਿਆਂ ਆਸਟਰੇਲੀਆ ਦੇ ਕੁਝ ਭਾਗਾਂ (ਬਿ੍ਰਸਬੇਨ, ਮੈਲਬੌਰਨ, ਸਿਡਨੀ, ਗੋਲਡ ਕੋਸਟ, ਐਡੀਲੇਡ, ਸਨਸ਼ਾਈਨ ਕੋਸਟ ਕੈਰਿਨਜ਼) ਵਿਚ 14 ਦਿਨਾਂ ਆਈਸੋਲੇਸ਼ਨ ਰਹਿਤ ਹਵਾਈ ਸਫ਼ਰ ਸ਼ੁਰੂ ਕਰਨ ਦਾ ਅੱਜ ਐਲਾਨ ਕਰ ਦਿਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਹਵਾਈ ਸੇਵਾ ਬਹਾਲੀ ਬਾਰੇ ਜਾਣਕਾਰੀ ਦਿਤੀ। ਹੁਣ ਜਿਹੜੇ ਵੀ ਨਿਊਜ਼ੀਲੈਂਡ ਦੇ ਵਸਨੀਕ ਆਸਟਰੇਲੀਆ ਜਾ ਕੇ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਦੇ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ ਪਰ ਇਸ ਦੇ ਲਈ ਕਈ ਸ਼ਰਤਾਂ ਲਾਗੂ ਰਹਿਣਗੀਆਂ। ਏਅਰ ਨਿਊਜ਼ੀਲੈਂਡ, ਕੁਆਂਟਾਸ ਅਤੇ ਜੈਟਸਟਾਰ ਨੇ ਜਹਾਜ਼ ਅੰਦਰੋ ਅਤੇ ਬਾਹਰੋਂ ਚਮਕਾਉਣੇ ਸ਼ੁੂਰ ਕਰ ਦਿੱਤੇ ਹਨ।
Flight
ਕੁਆਂਟਾਸ ਵਲੋਂ ਦੋ ਨਵੇਂ ਹਵਾਈ ਰੂਟ ਕੈਰਨਿਜ ਅਤੇ ਗੋਲਡ ਕੋਸਟ ਲਈ ਚਲਾ ਰਹੀ ਹੈ। ਜਿਹੜੇ ਲੋਕਾਂ ਨੇ 19 ਅਪ੍ਰੈਲ ਤੋਂ 14 ਦਿਨਾਂ ਦੇ ਲਈ ਆਈਸੋਲੇਸ਼ਨ ਬੁੱਕ ਕਰਵਾਈ ਸੀ, ਉਹ ਹੁਣ ਵਿਹਲੀ ਹੋ ਜਾਵੇਗੀ ਤੇ ਉਨ੍ਹਾਂ ਲੋਕਾਂ ਨੂੰ ਅਪਣਾ ਹਵਾਈ ਸਫ਼ਰ ਅਤੇ ਏਅਰ ਲਾਈਨ ਦੁਬਾਰਾ ਚੈਕ ਕਰਨ ਲਈ ਕਿਹਾ ਗਿਆ ਹੈ। ਇਸ ਆਣ-ਜਾਣ ਦੇ ਸਫ਼ਰ ਲਈ ਕੋਈ ਵੈਕਸੀਨ ਦਾ ਟੀਕਾ ਲਗਿਆ ਹੋਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਪਰ ਜੇਕਰ ਪਿਛਲੇ 14 ਦਿਨਾਂ ਦੇ ਵਿਚ ਤੁਸੀਂ ਕੋਰੋਨਾ ਪਾਜ਼ੇਟਿਵ ਆਏ ਹੋ ਜਾਂ ਅਪਣਾ ਨਤੀਜਾ ਉਡੀਕ ਰਹੇ ਹੋ ਤਾਂ ਤੁਸੀਂ ਸਫ਼ਰ ਨਹੀਂ ਕਰ ਸਕੋਗੇ। ਜੇਕਰ ਆਸਟਰੇਲੀਆ ਵਿਚ ਦੁਬਾਰਾ ਮਹਾਂਮਾਰੀ ਫੈਲ ਜਾਂਦੀ ਹੈ ਅਤੇ ਤੁਸੀ ਉਸ ਤੋਂ ਬਾਅਦ ਵਾਪਸ ਨਿਊਜ਼ੀਲੈਂਡ ਪਰਤ ਰਹੇ ਹੋ ਤਾਂ ਹੋ ਸਕਦਾ ਹੈ, ਕੋਰੋਨਾ ਟੈਸਟ ਕਰਾਉਣਾ ਪਵੇ।
plane
ਜਾਣ ਵੇਲੇ ਆਸਟਰੇਲੀਅਨ ਟ੍ਰੈਵਲ ਡੈਕਲਾਰੇਸ਼ਨ ਭਰਨਾ ਹੋਏਗਾ ਜੋ ਕਿ ਪਿਛਲੇ 14 ਦਿਨਾਂ ਸਬੰਧੀ ਹੋਵੇਗਾ। ਹਵਾਈ ਅੱਡੇ ਉਤੇ ਤੁਹਾਨੂੰ ਗ੍ਰੀਨ ਜ਼ੋਨ ਦੇ ਵਿਚੋਂ ਲੰਘਣ ਦੀ ਆਜ਼ਾਦੀ ਹੋਵੇਗੀ। ਹਵਾਈ ਅਡੇ ਉਤੇ ਤੁਹਾਡਾ ਬੁਖਾਰ ਆਦਿ ਚੈਕ ਕੀਤਾ ਜਾ ਸਕਦਾ ਹੈ। ਜਹਾਜ਼ ਦੇ ਵਿਚ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਜੇਕਰ ਆਸਟਰੇਲੀਆ ਦੇ ਵਿਚ ਮਹਾਂਮਾਰੀ ਫੈਲ ਗਈ ਅਤੇ ਉਸ ਦੌਰਾਨ ਵਾਪਸ ਆਉਣਾ ਪਿਆ ਤਾਂ ਟ੍ਰੈਫ਼ਿਕ ਲਾਈਟਾਂ ਦੀ ਤਰ੍ਹਾਂ ਤਿੰਨ ਰੰਗਾ ਵਾਲਾ ਪ੍ਰੋਗਰਾਮ ਬਣਾਇਆ ਗਿਆ। ਸਥਿਤੀ ਦੇ ਅਨੁਸਾਰ ਉਸੇ ਰੰਗ ਵਾਲੇ ਨਿਯਮ ਲਾਗੂ ਹੋਣਗੇ।