
17 Indians : ਲਾਓਸ 'ਚ ਫ਼ਸੇ 17 ਭਾਰਤੀਆਂ ਦੀ ਵਤਨ ਵਾਪਸੀ,ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਿੱਤੀ ਜਾਣਕਾਰੀ
17 Indians : ਲਾਓਸ (Laos) ਵਿੱਚ ਧੋਖੇ 'ਚ ਰੱਖ ਕੇ ਗੈਰ-ਕਾਨੂੰਨੀ ਅਤੇ ਖਤਰਨਾਕ ਕੰਮ ਵਿੱਚ 17 ਭਾਰਤੀ ਕਾਮਿਆਂ ਨੂੰ ਲਾਇਆ ਗਿਆ ਸੀ। ਹੁਣ ਇਹ ਸਾਰੇ ਭਾਰਤ ਵਾਪਸ ਆ ਰਹੇ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਲਾਓਸ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਮੋਦੀ ਦੀ ਗਾਰੰਟੀ ਦੇਸ਼-ਵਿਦੇਸ਼ ਵਿੱਚ ਹਰ ਜਗ੍ਹਾ ਕੰਮ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਲਈ ਹਮੇਸ਼ਾ ਹਨੂੰਮਾਨ ਦਾ ਰੋਲ ਨਿਭਾਇਆ ਹੈ। ਇਸ ਲੜੀ ਵਿੱਚ ਇੱਕ ਵਾਰ ਫਿਰ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਸੰਕਟਮੋਚਣ ਵਾਲੀ ਛਵੀ ਨੂੰ ਫ਼ਿਰ ਤੋਂ ਸਾਬਤ ਕਰ ਦਿੱਤਾ ਹੈ।
ਵਿਦੇਸ਼ ਮੰਤਰੀ ਨੇ ਇਸ ਮਾਮਲੇ ਵਿੱਚ ਮਦਦ ਲਈ ਲਾਓਸ ਵਿੱਚ ਭਾਰਤੀ ਦੂਤਾਵਾਸ ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਮੋਦੀ ਦੀ ਗਾਰੰਟੀ ਸਾਰਿਆਂ ਲਈ ਦੇਸ਼-ਵਿਦੇਸ਼ ਵਿੱਚ ਹਰ ਜਗ੍ਹਾ ਕੰਮ ਕਰਦੀ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ਵਿੱਚ ਆਕਰਸ਼ਕ ਨੌਕਰੀਆਂ ਦੇ ਮੌਕਿਆਂ ਦਾ ਵਾਅਦਾ ਕਰਨ ਵਾਲੇ ਮਨੁੱਖੀ ਤਸਕਰਾਂ ਦਾ ਸ਼ਿਕਾਰ ਬਣਨ ਤੋਂ ਸਾਵਧਾਨ ਕੀਤਾ ਹੈ।
ਓਥੇ ਹੀ ਵਿਦੇਸ਼ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿਚ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸੇ ਵੀ ਪੇਸ਼ਕਸ਼ ਨੂੰ ਸਵੀਕਾਰ ਕਰਨ ਅਤੇ ਦੇਸ਼ ਛੱਡਣ ਤੋਂ ਪਹਿਲਾਂ ਕੰਪਨੀ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ।
ਮੰਤਰਾਲੇ ਨੇ ਕਿਹਾ ਕਿ ਭਾਰਤੀ ਕੰਬੋਡੀਆ ਵਿੱਚ ਆਕਰਸ਼ਕ ਨੌਕਰੀਆਂ ਦੇ ਝਾਂਸੇ 'ਚ ਆ ਕੇ ਮਨੁੱਖੀ ਤਸਕਰਾਂ ਦੇ ਜਾਲ ਵਿੱਚ ਫਸ ਰਹੇ ਹਨ। ਮੰਤਰਾਲੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਆਨਲਾਈਨ ਵਿੱਤੀ ਘੁਟਾਲੇ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਦੇ ਜਾਲ ਵਿੱਚ ਨਾ ਫਸਣ। ਬਿਨਾਂ ਜਾਂਚ ਪੜਤਾਲ ਕੀਤੇ ਇਨ੍ਹਾਂ ਦੇ ਝਾਂਸੇ 'ਚ ਨਾ ਆਵੋ।