
ਵਿਕਰਮਾਦਿੱਤਿਆ ਨੂੰ ਕੰਗਣਾ ਰਣੌਤ ਦੇ ਖਿਲਾਫ਼ ਮੰਡੀ ਤੋਂ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ।
ਹਿਮਾਚਲ - ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਆਪਣੇ ਪੁੱਤਰ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨਾਲ ਅੱਜ ਨਵੀਂ ਦਿੱਲੀ ਵਿਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਵਿਚਕਾਰ ਕਈ ਮੁੱਦਿਆਂ 'ਤੇ ਚਰਚਾ ਹੋਈ।
ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਕਾਂਗਰਸ ਦੋ ਵਿਧਾਇਕਾਂ 'ਤੇ ਸੱਟਾ ਲਗਾਉਣ ਦੀ ਤਿਆਰੀ ਕਰ ਰਹੀ ਹੈ। ਮੰਡੀ ਸੰਸਦੀ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਅਤੇ ਮੰਤਰੀ ਵਿਕਰਮਾਦਿੱਤਿਆ ਸਿੰਘ ਦਾ ਨਾਂ ਵੀ ਪੈਨਲ 'ਚ ਸ਼ਾਮਲ ਕੀਤਾ ਗਿਆ ਹੈ। ਵਿਕਰਮਾਦਿੱਤਿਆ ਨੂੰ ਕੰਗਣਾ ਰਣੌਤ ਦੇ ਖਿਲਾਫ਼ ਮੰਡੀ ਤੋਂ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ।
ਸ਼ਿਮਲਾ ਦੇ ਵਿਧਾਇਕ ਵਿਨੋਦ ਸੁਲਤਾਨਪੁਰੀ ਤੋਂ ਇਲਾਵਾ ਅਮਿਤ ਨੰਦਾ, ਕਾਂਗੜਾ ਦੀ ਸਾਬਕਾ ਮੰਤਰੀ ਆਸ਼ਾ ਕੁਮਾਰੀ ਅਤੇ ਸਾਬਕਾ ਵਿਧਾਇਕ ਜਗਜੀਵਨ ਪਾਲ ਦੇ ਨਾਂ ਪੈਨਲ ਵਿਚ ਹਨ। ਹਮੀਰਪੁਰ ਤੋਂ ਕੇਵਲ ਸਤਪਾਲ ਰਾਏਜ਼ਾਦਾ ਦਾ ਨਾਂ ਫਾਈਨਲ ਹੈ। 11 ਅਤੇ 13 ਅਪ੍ਰੈਲ ਨੂੰ ਨਵੀਂ ਦਿੱਲੀ ਵਿਚ ਪ੍ਰਸਤਾਵਿਤ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਉਪ ਚੋਣਾਂ ਲਈ ਕਾਂਗਰਸ ਦੇ ਉਮੀਦਵਾਰਾਂ ਦਾ ਫ਼ੈਸਲਾ ਕੀਤਾ ਜਾਵੇਗਾ।
ਸ਼ਨੀਵਾਰ ਨੂੰ ਨਵੀਂ ਦਿੱਲੀ ਵਿਚ ਹੋਈ ਤਾਲਮੇਲ ਕਮੇਟੀ ਅਤੇ ਸਕਰੀਨਿੰਗ ਕਮੇਟੀ ਦੀਆਂ ਮੀਟਿੰਗਾਂ ਵਿਚ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਸੁਜਾਨਪੁਰ, ਧਰਮਸ਼ਾਲਾ, ਬਡਸਰ, ਗਗਰੇਟ ਅਤੇ ਲਾਹੌਲ-ਸਪੀਤੀ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਮਜ਼ਬੂਤਉਮੀਦਵਾਰਾਂ ਦੀ ਭਾਲ ਜਾਰੀ ਹੈ।
ਕੁਟਲਹਾਰ ਵਿਧਾਨ ਸਭਾ ਸੀਟ ਤੋਂ ਵਿਵੇਕ ਸ਼ਰਮਾ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਲਗਭਗ ਤੈਅ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸੂਬਾ ਇੰਚਾਰਜ ਰਾਜੀਵ ਸ਼ੁਕਲਾ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਸੂਬਾ ਪ੍ਰਧਾਨ ਕੌਲ ਸਿੰਘ ਠਾਕੁਰ ਅਤੇ ਸਾਬਕਾ ਮੰਤਰੀ ਰਾਮਲਾਲ ਠਾਕੁਰ ਨੇ ਵਿਚਾਰਾਂ ਕੀਤੀਆਂ। ਵਿਕਰਮਾਦਿਤਿਆ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।