
ਇਸ ਤੋਂ ਪਹਿਲਾਂ ਈ.ਡੀ. ਨੇ ਸਮਾਜਵਾਦੀ ਪਾਰਟੀ ਦੇ ਨੇਤਾ ਵਿਨੈ ਸ਼ੰਕਰ ਤਿਵਾੜੀ ਅਤੇ ਗੰਗੋਤਰੀ ਐਂਟਰਪ੍ਰਾਈਜ਼ਜ਼ ਨਾਲ ਜੁੜੀਆਂ ਜਾਇਦਾਦਾਂ ’ਤੇ ਛਾਪੇ ਮਾਰੇ ਸਨ
ਲਖਨਊ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਮਾਫੀਆ-ਸਿਆਸਤਦਾਨ ਹਰੀ ਸ਼ੰਕਰ ਤਿਵਾੜੀ ਦੇ ਬੇਟੇ ਵਿਨੈ ਸ਼ੰਕਰ ਤਿਵਾੜੀ ਨੂੰ 750 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ’ਚ ਸੋਮਵਾਰ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਈ.ਡੀ. ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀਆਂ ਧਾਰਾਵਾਂ ਤਹਿਤ ਸਮਾਜਵਾਦੀ ਪਾਰਟੀ ਦੇ ਨੇਤਾ ਵਿਨੈ ਸ਼ੰਕਰ ਤਿਵਾੜੀ ਅਤੇ ਗੰਗੋਤਰੀ ਐਂਟਰਪ੍ਰਾਈਜ਼ਜ਼ ਨਾਲ ਜੁੜੀਆਂ ਜਾਇਦਾਦਾਂ ’ਤੇ ਛਾਪੇ ਮਾਰੇ ਸਨ। ਈ.ਡੀ. ਦੇ ਸੂਤਰਾਂ ਮੁਤਾਬਕ ਤਿਵਾੜੀ ਨਾਲ ਜੁੜੀ ਕੰਪਨੀ ਗੰਗੋਤਰੀ ਐਂਟਰਪ੍ਰਾਈਜ਼ਜ਼ ਦੇ 10 ਟਿਕਾਣਿਆਂ (ਉੱਤਰ ਪ੍ਰਦੇਸ਼, ਦਿੱਲੀ ਅਤੇ ਮੁੰਬਈ) ’ਤੇ ਛਾਪੇਮਾਰੀ ਕੀਤੀ ਗਈ।
ਇਨ੍ਹਾਂ ਥਾਵਾਂ ’ਤੇ ਲਖਨਊ ’ਚ ਪੰਜ, ਨੋਇਡਾ ਅਤੇ ਗੋਰਖਪੁਰ ’ਚ ਦੋ-ਦੋ ਅਤੇ ਦਿੱਲੀ ਅਤੇ ਮੁੰਬਈ ’ਚ ਇਕ-ਇਕ ਸਥਾਨ ’ਤੇ ਛਾਪੇਮਾਰੀ ਕੀਤੀ ਗਈ। ਵਿੱਤੀ ਜਾਂਚ ਏਜੰਸੀ ਵਲੋਂ ਕਈ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਵਿਨੈ ਸ਼ੰਕਰ ਈ.ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਇਕ ਦਰਜਨ ਤੋਂ ਵੱਧ ਟੀਮਾਂ ਨੇ ਸੋਮਵਾਰ ਸਵੇਰੇ ਇਕੱਠੇ ਤਲਾਸ਼ੀ ਲੈਣੀ ਸ਼ੁਰੂ ਕਰ ਦਿਤੀ ।
ਵੇਰਵਿਆਂ ਅਨੁਸਾਰ, ਗੰਗੋਤਰੀ ਐਂਟਰਪ੍ਰਾਈਜ਼ਜ਼ ਲਿਮਟਿਡ, ਜਿਸ ਲਈ ਤਿਵਾੜੀ ਪ੍ਰੋਮੋਟਰ ਹਨ, ਨੇ ਬੈਂਕਾਂ ਦੇ ਸਮੂਹ ਤੋਂ 1,129.44 ਕਰੋੜ ਰੁਪਏ ਦਾ ਕਰਜ਼ਾ (ਸੀ.ਸੀ. ਲਿਮਟ) ਲਿਆ ਸੀ। ਇਸ ਵਿਚੋਂ ਲਗਭਗ 750 ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ।
ਕੰਪਨੀ ਦੇ ਮੁੱਖ ਪ੍ਰਮੋਟਰ ਵਿਨੈ ਸ਼ੰਕਰ ਤਿਵਾੜੀ, ਰੀਟਾ ਤਿਵਾੜੀ ਅਤੇ ਅਜੀਤ ਪਾਂਡੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਕਿ ਗੰਗੋਤਰੀ ਐਂਟਰਪ੍ਰਾਈਜ਼ਜ਼ ਲਿਮਟਿਡ ਅਤੇ ਇਸ ਦੇ ਪ੍ਰਮੋਟਰਾਂ/ਡਾਇਰੈਕਟਰਾਂ/ਗਾਰੰਟਰਾਂ ਨੇ ਬੈਂਕਿੰਗ ਨਿਯਮਾਂ ਦੀ ਉਲੰਘਣਾ ਕਰਦਿਆਂ ਕਰਜ਼ਾ ਸਹੂਲਤਾਂ ਦਾ ਭੁਗਤਾਨ ਨਹੀਂ ਕੀਤਾ ਅਤੇ ਇਸ ਦੀ ਦੁਰਵਰਤੋਂ ਕੀਤੀ, ਜਿਸ ਨਾਲ ਬੈਂਕਾਂ ਦੇ ਸਮੂਹ ਨੂੰ 754.24 ਕਰੋੜ ਰੁਪਏ ਦਾ ਗਲਤ ਨੁਕਸਾਨ ਹੋਇਆ।
ਵਿਨੈ ਸ਼ੰਕਰ ਤਿਵਾੜੀ ਉੱਤਰ ਪ੍ਰਦੇਸ਼ ਤੋਂ ਸਮਾਜਵਾਦੀ ਪਾਰਟੀ ਦੇ ਨੇਤਾ ਹਨ ਅਤੇ ਗੋਰਖਪੁਰ ਤੋਂ ਸਾਬਕਾ ਮੰਤਰੀ ਅਤੇ ਮਜ਼ਬੂਤ ਨੇਤਾ ਸਵਰਗੀ ਹਰੀ ਸ਼ੰਕਰ ਤਿਵਾੜੀ ਦੇ ਬੇਟੇ ਹਨ। ਤਿਵਾੜੀ ਨੇ ਬਸਪਾ ਦੀ ਟਿਕਟ ’ਤੇ ਚੁਣੇ ਜਾਣ ਤੋਂ ਬਾਅਦ ਗੋਰਖਪੁਰ ਦੇ ਅਪਣੇ ਪਿਤਾ ਦੇ ਵਿਧਾਨ ਸਭਾ ਹਲਕੇ ਚਿਲੂਪਰ ਦੀ ਨੁਮਾਇੰਦਗੀ ਕੀਤੀ। ਬਾਅਦ ਵਿਚ ਉਹ ਸਮਾਜਵਾਦੀ ਪਾਰਟੀ (ਸਪਾ) ਵਿਚ ਸ਼ਾਮਲ ਹੋ ਗਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ।