
ਅਗਲਾ ਕਦਮ ਅਲਟਰਾਸਾਊਂਡ ਟੈਸਟ ਹੋਵੇਗਾ, ਜੋ ਗਰਭ ਅਵਸਥਾ ਦੀ ਸਥਿਤੀ ਅਤੇ ਮਿਆਦ ਨੂੰ ਸਪੱਸ਼ਟ ਕਰੇਗਾ
ਮੇਰਠ : ਅਪਣੇ ਪ੍ਰੇਮੀ ਨਾਲ ਮਿਲ ਕੇ ਅਪਣੇ ਪਤੀ ਦੀ ਹੱਤਿਆ ਕਰਨ ਦੇ ਇਲਜ਼ਾਮ ਹੇਠ ਮੇਰਠ ਦੀ ਜੇਲ ’ਚ ਬੰਦ ਮੁਸਕਾਨ ਰਸਤੋਗੀ ਗਰਭਵਤੀ ਪਾਈ ਗਈ ਹੈ। ਸੀਨੀਅਰ ਜੇਲ ਸੁਪਰਡੈਂਟ ਵਿਰੇਸ਼ ਰਾਜ ਸ਼ਰਮਾ ਨੇ ਦਸਿਆ ਕਿ ਜੇਲ ’ਚ ਆਉਣ ਵਾਲੀ ਹਰ ਮਹਿਲਾ ਕੈਦੀ ਦੀ ਸਿਹਤ ਜਾਂਚ ਅਤੇ ਗਰਭਅਵਸਥਾ ਟੈਸਟ ਨਿਯਮਿਤ ਤੌਰ ’ਤੇ ਕੀਤੇ ਜਾਂਦੇ ਹਨ ਅਤੇ ਮੁਸਕਾਨ ਦਾ ਟੈਸਟ ਵੀ ਇਸ ਪ੍ਰਕਿਰਿਆ ਦਾ ਹਿੱਸਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਡਾਕਟਰਾਂ ਦੀ ਰੀਪੋਰਟ ਨਹੀਂ ਮਿਲੀ ਹੈ ਅਤੇ ਉਨ੍ਹਾਂ ਨੂੰ ਅਜੇ ਜ਼ੁਬਾਨੀ ਜਾਣਕਾਰੀ ਮਿਲੀ ਹੈ ਕਿ ਮੁਸਕਾਨ ਗਰਭਵਤੀ ਹੈ। ਮੁੱਖ ਮੈਡੀਕਲ ਅਧਿਕਾਰੀ ਡਾਕਟਰ ਅਸ਼ੋਕ ਕਟਾਰੀਆ ਨੇ ਦਸਿਆ ਕਿ ਮੁਸਕਾਨ ਦਾ ਮੁੱਢਲਾ ਟੈਸਟ ਕੀਤਾ ਗਿਆ, ਜਿਸ ਵਿਚ ਉਸ ਦੀ ਗਰਭਅਵਸਥਾ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਅਗਲਾ ਕਦਮ ਅਲਟਰਾਸਾਊਂਡ ਟੈਸਟ ਹੋਵੇਗਾ, ਜੋ ਗਰਭ ਅਵਸਥਾ ਦੀ ਸਥਿਤੀ ਅਤੇ ਮਿਆਦ ਨੂੰ ਸਪੱਸ਼ਟ ਕਰੇਗਾ।
ਜ਼ਿਕਰਯੋਗ ਹੈ ਕਿ ਮਰਚੈਂਟ ਨੇਵੀ ਦੇ ਸਾਬਕਾ ਅਧਿਕਾਰੀ ਸੌਰਭ ਰਾਜਪੂਤ ਦੀ 4 ਮਾਰਚ ਦੀ ਰਾਤ ਨੂੰ ਮੇਰਠ ਜ਼ਿਲ੍ਹੇ ਦੇ ਇੰਦਰਾਨਗਰ ਸਥਿਤ ਉਨ੍ਹਾਂ ਦੇ ਘਰ ’ਚ ਹੱਤਿਆ ਕਰ ਦਿਤੀ ਗਈ ਸੀ। ਉਸ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ’ਤੇ ਉਸ ਨੂੰ ਨਸ਼ਾ ਦੇਣ ਅਤੇ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿਤੇ, ਉਸ ਦਾ ਸਿਰ ਅਤੇ ਹੱਥ ਕੱਟ ਦਿਤੇ ਅਤੇ ਉਨ੍ਹਾਂ ਨੂੰ ਸੀਮੈਂਟ ਨਾਲ ਭਰੇ ਨੀਲੇ ਡ੍ਰਮ ਵਿਚ ਲੁਕਾ ਦਿਤਾ।
ਸਨਸਨੀਖੇਜ਼ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਸਕਾਨ ਕਥਿਤ ਤੌਰ ’ਤੇ ਨਵੰਬਰ 2023 ਤੋਂ ਕਤਲ ਦੀ ਯੋਜਨਾ ਬਣਾ ਰਹੀ ਸੀ। ਦੋਵੇਂ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ’ਚ ਹਨ। ਮੁਸਕਾਨ ਜੇਲ ’ਚ ਸਿਲਾਈ ਦਾ ਕੰਮ ਕਰਦੀ ਹੈ, ਜਦਕਿ ਸਾਹਿਲ ਖੇਤੀਬਾੜੀ ਦੇ ਕੰਮ ’ਚ ਸ਼ਾਮਲ ਹੈ। ਦੋਹਾਂ ਨੂੰ ਨਸ਼ਾ ਛੁਡਾਊ ਕੇਂਦਰ ਦੀ ਮਦਦ ਨਾਲ ਮੁੜ ਵਸੇਬੇ ਦੀ ਪ੍ਰਕਿਰਿਆ ’ਚ ਵੀ ਸ਼ਾਮਲ ਕੀਤਾ ਗਿਆ ਹੈ।