
ਪੰਜ ਨਾਗਰਿਕ ਵੀ ਮਾਰੇ ਗਏ ਸ੍ਰੀਨਗਰ
ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਸ਼ੋਪੀਆਂ ਜ਼ਿਲ੍ਹੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਸੀਨੀਅਰ ਕਮਾਂਡਰ ਅਤੇ ਹਾਲ ਹੀ ਵਿਚ ਭਰਤੀ ਹੋਏ ਇਕ ਅਤਿਵਾਦੀ ਸਮੇਤ ਪੰਜ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਹਿਜ਼ਬੁਲ ਵਿਚ ਹਾਲ ਹੀ ਵਿਚ ਭਰਤੀ ਹੋਇਆ ਇਹ ਅਤਿਵਾਦੀ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਸੀ। ਪੁਲਿਸ ਨੇ ਦਸਿਆ ਕਿ ਮੁਕਾਬਲੇ ਵਾਲੀ ਥਾਂ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਫ਼ੌਜੀਆਂ ਵਿਚਕਾਰ ਝੜਪ ਦੌਰਾਨ 5 ਨਾਗਰਿਕਾਂ ਦੀ ਵੀ ਮੌਤ ਹੋ ਗਈ। ਲੋਕਾਂ ਨੇ ਵੱਖ ਵੱਖ ਥਾਈਂ ਫ਼ੌਜੀਆਂ 'ਤੇ ਪਥਰਾਅ ਕੀਤਾ।
ਪੁਲਿਸ ਨੇ ਦਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਮਾਰੇ ਗਏ ਅਤਿਵਾਦੀਆਂ ਵਿਚ ਹਿਜ਼ਬੁਲ ਮੁਜਾਹਿਦੀਨ ਦਾ ਸੀਨੀਅਰ ਕਮਾਂਡਰ ਸੱਦਾਮ ਪੈਡਰ ਵੀ ਸ਼ਾਮਲ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ਦੀ ਪਛਾਣ ਹੋਣ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕੀਤੀ ਜਾ ਸਕੇਗੀ। ਪੁਲਿਸ ਮੁਖੀ ਐਸ ਪੀ ਵੈਦ ਨੇ ਟਵੀਟ ਕੀਤਾ ''ਬਡੀਗਾਮ ਜੈਨਾਪੁਰਾ ਸ਼ੋਪੀਆਂ ਵਿਚ ਮੁਕਾਬਲਾ ਖ਼ਤਮ ਹੋ ਗਿਆ ਹੈ। ਪੰਜੇ ਅਤਿਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸ਼ਾਬਾਸ਼ ਬਹਾਦਰੋ, ਫ਼ੌਜ-ਸੀਆਰਪੀਐਫ-ਜੰਮੂ ਕਸ਼ਮੀਰ ਪੁਲਿਸ।''
ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਗੁਪਤ ਸੂਚਨਾ 'ਤੇ ਸੁਰੱਖਿਆ ਬਲਾਂ ਵਲੋਂ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਜੈਨਾਪੁਰਾ ਇਲਾਕੇ ਵਿਚ ਬਡੀਗਾਮ ਪਿੰਡ ਵਿਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮੁਕਾਬਲਾ ਸ਼ੁਰੂ ਹੋਇਆ। ਮਾਰੇ ਗਏ ਅਤਿਵਾਦੀਆਂ ਵਿਚ ਸ਼ੁਕਰਵਾਰ ਨੂੰ ਲਾਪਤਾ ਹੋਇਆ ਰਵੀ ਭੱਟ ਕਸ਼ਮੀਰ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਚ ਠੇਕੇ ਦੇ ਆਧਾਰ 'ਤੇ ਬਤੌਰ ਸਹਾਇਕ ਪ੍ਰੋਫ਼ੈਸਰ ਨਿਯੁਕਤ ਸੀ। ਕਸ਼ਮੀਰ ਦੇ ਆਈਜੀ ਐਸਪੀ ਪਾਣੀ ਨੇ ਦਸਿਆ ਕਿ ਖ਼ਬਰ ਸੀ ਕਿ ਉਥੇ ਘੇਰੇ ਗਏ ਅਤਿਵਾਦੀਆਂ ਵਿਚ ਭੱਟ ਵੀ ਸ਼ਾਮਲ ਸੀ। ਉਨ੍ਹਾਂ ਦਸਿਆ ਕਿ ਪੁਲਿਸ ਗੰਦੇਰਬਲ ਤੋਂ ਉਸ ਦੇ ਪਰਵਾਰ ਨੂੰ ਨਾਲ ਲੈ ਕੇ ਆਈ ਸੀ ਤਾਕਿ ਉਹ ਆਤਮ ਸਮਰਪਣ ਕਰ ਦੇਵੇ। ਪ੍ਰੋਫ਼ੈਸਰ ਦੇ ਗ਼ਾਇਬ ਹੋਣ ਤੋਂ ਬਾਅਦ ਯੂਨੀਵਰਸਿਟੀ ਵਿਚ ਕਲ ਵਿਰੋਧ ਪ੍ਰਦਰਸ਼ਨ ਕੀਤੇ ਗਏ ਜਿਸ ਤੋਂ ਬਾਅਦ ਕੁਲਪਤੀ ਨੇ ਪੁਲਿਸ ਮੁਖੀ ਨੂੰ ਪੱਤਰ ਲਿਖ ਕੇ ਭੱਟ ਨੂੰ ਲੱਭਣ ਦਾ ਹਰ ਸੰਭਵ ਯਤਨ ਕਰਨ ਦੀ ਬੇਨਤੀ ਕੀਤੀ ਸੀ।