
ਮੈਂ ਕੁਸ਼ਤੀ 'ਤੇ ਅਪਣੀ ਜੇਬ 'ਚੋਂ 25-30 ਕਰੋੜ ਰੁਪਏ ਖਰਚੇ ਹਨ - ਬ੍ਰਿਜ ਭੂਸ਼ਣ ਸ਼ਰਨ ਸਿੰਘ
ਨਵੀਂ ਦਿੱਲੀ - ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੇ ਸਮਰਥਨ 'ਚ ਖਾਪ ਮਹਾਪੰਚਾਇਤਾਂ ਦੇ ਵਿਚਕਾਰ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਬ੍ਰਿਜ ਭੂਸ਼ਣ ਸਿੰਘ ਖਾਪ ਨੇਤਾਵਾਂ ਨੂੰ ਕਹਿ ਰਹੇ ਹਨ ਕਿ ਬੱਚੇ ਗਲਤੀ ਕਰਦੇ ਹਨ, ਤੁਸੀਂ ਨਾ ਕਰੋ। ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੀ ਖੇਡ ਖ਼ਤਮ ਹੋ ਗਈ ਹੈ। ਜਿਸ ਦਿਨ ਦਿੱਲੀ ਪੁਲਿਸ ਦੀ ਜਾਂਚ ਪੂਰੀ ਹੋ ਜਾਵੇਗੀ ਅਤੇ ਮੈਂ ਦੋਸ਼ੀ ਪਾਇਆ ਗਿਆ, ਮੈਂ ਨਿੱਜੀ ਤੌਰ 'ਤੇ ਤੁਹਾਡੇ ਸਾਰਿਆਂ ਵਿਚਕਾਰ ਆਵਾਂਗਾ। ਤੁਸੀਂ ਸਾਰੇ ਮੈਨੂੰ ਆਪਣੀ ਜੁੱਤੀ ਨਾਲ ਮਾਰ ਸਕਦੇ ਹੋ।
ਇਸ ਵੀਡੀਓ ਨੂੰ ਬ੍ਰਿਜ ਭੂਸ਼ਣ ਸਿੰਘ ਨੇ ਆਪਣੀ ਕਾਰ ਵਿਚ ਸ਼ੂਟ ਕੀਤਾ ਹੈ। ਆਪਣੇ ਫੇਸਬੁੱਕ ਪੇਜ 'ਤੇ ਅਪਲੋਡ ਕੀਤੀ ਵੀਡੀਓ 'ਚ ਬ੍ਰਿਜ ਭੂਸ਼ਣ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਹਾਂ ਅਤੇ ਲੋਕ ਮੈਨੂੰ ਪਹਿਲਵਾਨ ਪ੍ਰਧਾਨ ਵਜੋਂ ਵੀ ਜਾਣਦੇ ਹਨ। ਮੈਂ ਇਸ ਸਮੇਂ ਦਿੱਲੀ ਤੋਂ ਲਖਨਊ ਘਰ ਜਾ ਰਿਹਾ ਹਾਂ। ਮੈਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਬਜ਼ੁਰਗਾਂ, ਖਾਸ ਕਰਕੇ ਜਾਟ ਭਾਈਚਾਰੇ ਅਤੇ ਪੱਛਮੀ ਯੂਪੀ ਦੇ ਜਾਟ ਭਾਈਚਾਰੇ ਦੇ ਬਜ਼ੁਰਗਾਂ ਨੂੰ ਰਾਮ-ਰਾਮ ਕਰਦਾ ਹਾਂ। ਖ਼ਾਸ ਕਰ ਕੇ ਜਿਨ੍ਹਾਂ ਦੇ ਬੱਚੇ ਕੁਸ਼ਤੀ ਕਰਦੇ ਹਨ।
ਹਾਲਾਂਕਿ ਮੇਰਾ ਵੀਡੀਓ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਫਿਰ ਮਹਿਸੂਸ ਹੋਇਆ ਕਿ ਮੇਰੀ ਗੱਲ ਵੀ ਤੁਹਾਡੇ ਤੱਕ ਪਹੁੰਚ ਜਾਵੇ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਕਿ ਇਹ ਲੜਾਈ ਇਨ੍ਹਾਂ ਪੁਰਾਣੇ ਪਹਿਲਵਾਨਾਂ ਨਾਲ ਹੈ। ਮੈਂ ਇਹ ਲੜਾਈ ਤੁਹਾਡੇ ਜੂਨੀਅਰ ਬੱਚਿਆਂ ਲਈ ਲੜ ਰਿਹਾ ਹਾਂ। ਇਨ੍ਹਾਂ ਨੂੰ ਦਰੋਣਾਚਾਰੀਆ, ਪਦਮ ਸ਼੍ਰੀ, ਅਰਜੁਨ ਪੁਰਸਕਾਰ, ਸਭ ਮਿਲ ਚੁੱਕੇ ਹਨ। ਪਰ ਜਿਹੜੇ ਗਰੀਬ ਪਰਿਵਾਰਾਂ ਵਿਚੋਂ ਨਿਕਲ ਕੇ ਓਲੰਪਿਕ ਵਿਚ ਜਾਣ ਦਾ ਸੁਪਨਾ ਲੈ ਕੇ ਤੁਰ ਰਹੇ ਹਨ। ਜਿਹੜੇ ਪਰਿਵਾਰ ਆਪਣੀਆਂ ਲੋੜਾਂ ਛੱਡ ਕੇ ਅਤੇ ਕਰਜ਼ੇ ਲੈ ਕੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬਦਾਮ-ਘਿਓ ਦਾ ਪ੍ਰਬੰਧ ਕਰ ਰਹੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਲੜਾਈ ਤੁਹਾਡੇ ਬੱਚਿਆਂ ਦੀ ਹੈ।
ਬ੍ਰਿਜ ਭੂਸ਼ਣ ਨੇ ਵੀਡੀਓ 'ਚ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਦਿੱਲੀ ਨਾ ਆਓ। ਜੋ ਵੀ ਦਿਲ ਵਿਚ ਆਉਂਦਾ ਹੈ ਕਰੋ। ਸਾਡੀ ਗੱਲ ਵੀ ਨਾ ਸੁਣੋ, ਪਰ ਜੇਕਰ ਤੁਹਾਡੀ ਕੋਈ ਵੀ ਧੀ ਪਹਿਲਵਾਨੀ ਕਰਦੀ ਹੈ ਤਾਂ ਉਸ ਨੂੰ 1 ਮਿੰਟ ਲਈ ਇਕੱਲੇ ਬੁਲਾ ਕੇ ਪੁੱਛੋ। ਜੇ ਕੋਈ ਬੱਚਾ ਕੁਸ਼ਤੀ ਕਰਦਾ ਹੈ, ਤਾਂ ਉਸ ਨੂੰ ਇੱਕ ਮਿੰਟ ਲਈ ਇਕੱਲੇ ਬੁਲਾਓ ਅਤੇ ਉਸ ਨੂੰ ਪੁੱਛੋ, ਜੇਕਰ ਬ੍ਰਿਜ ਭੂਸ਼ਣ 'ਤੇ ਲਗਾਏ ਜਾ ਰਹੇ ਦੋਸ਼ ਸੱਚੇ ਹਨ ਤਾਂ ਜੋ ਮਰਜ਼ੀ ਕਰੋ। ਇਹ ਮੇਰੀ ਹਉਮੈ ਨਹੀਂ ਹੈ। ਮੇਰੇ ਸਾਹਮਣੇ ਕੌਣ ਹੈ? ਮੈਂ ਨਹੀਂ ਜਾਣਦਾ, ਪਰ ਮੈਂ ਆਪਣੇ ਆਪ ਨੂੰ ਜਾਣਦਾ ਹਾਂ।
WFI ਦੇ ਪ੍ਰਧਾਨ ਨੇ ਕਿਹਾ ਕਿ ਆਪਣੇ 12 ਸਾਲਾਂ ਦੇ ਕਾਰਜਕਾਲ ਵਿਚ ਮੈਂ ਕਦੇ ਵੀ ਕਿਸੇ ਬੱਚੇ 'ਤੇ ਬੁਰੀ ਨਜ਼ਰ ਨਹੀਂ ਰੱਖੀ। ਕਿਸੇ ਨੂੰ ਗਲਤ ਤਰੀਕੇ ਨਾਲ ਨਹੀਂ ਦੇਖਿਆ। ਇਸ ਦੇ ਬਾਵਜੂਦ ਮੈਂ 4 ਮਹੀਨਿਆਂ ਤੋਂ ਗਾਲ੍ਹਾਂ ਸੁਣ ਰਿਹਾ ਹਾਂ। ਬ੍ਰਿਜ ਭੂਸ਼ਣ ਨੇ ਕਿਹਾ ਕਿ ਮੈਂ ਪਹਿਲੇ ਦਿਨ ਕਿਹਾ ਸੀ ਕਿ ਜੇਕਰ ਮੇਰਾ ਇੱਕ ਵੀ ਜੁਰਮ ਸਾਬਤ ਹੋ ਗਿਆ ਤਾਂ ਮੈਨੂੰ ਫਾਂਸੀ ਦਿੱਤੀ ਜਾਵੇ। ਮਾਮਲਾ ਦਿੱਲੀ ਪੁਲਿਸ ਕੋਲ ਵਿਚਾਰ ਅਧੀਨ ਹੈ, ਇਸ ਲਈ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ। ਮੇਰੀ ਉਮਰ 65 ਸਾਲ ਹੈ। ਮੈਂ ਜ਼ਿੰਦਗੀ ਦੇ ਸਾਰੇ ਉਤਰਾਅ-ਚੜ੍ਹਾਅ ਦੇਖੇ ਹਨ।
ਮੈਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦਾ ਸਨਮਾਨ ਕਰਦਾ ਹਾਂ, ਪਰ ਹੁੱਡਾ ਪਰਿਵਾਰ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ। ਜਦੋਂ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗੇਗਾ ਤਾਂ ਉਨ੍ਹਾਂ ਨੂੰ ਗੁੱਸਾ ਆਪਣੇ ਆਪ 'ਤੇ ਨਹੀਂ ਸਗੋਂ ਭੁਪੇਂਦਰ ਹੁੱਡਾ ਅਤੇ ਦੀਪੇਂਦਰ ਹੁੱਡਾ 'ਤੇ ਆਵੇਗਾ। ਭਾਜਪਾ ਸਾਂਸਦ ਨੇ ਕਿਹਾ ਕਿ ਜੇਕਰ ਮੈਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਦੇ ਵੀ, ਕਿਤੇ ਵੀ ਮਿਲਦਾ ਹਾਂ, ਤਾਂ ਮੈਂ ਉਨ੍ਹਾਂ ਦੇ ਪੈਰ ਛੂਹ ਲੈਂਦਾ ਹਾਂ। ਡਬਲਯੂਐਫਆਈ ਦੇ ਪ੍ਰਧਾਨ ਦੀ ਚੋਣ ਵਿਚ ਦੀਪੇਂਦਰ ਹੁੱਡਾ ਨੂੰ ਹਰਾਇਆ, ਪਰ ਕਦੇ ਵੀ ਆਪਣਾ ਸਨਮਾਨ ਨਹੀਂ ਗੁਆਇਆ। ਇਹ ਦੋਸ਼ ਮੇਰੇ 'ਤੇ ਨਹੀਂ ਲਗਾਇਆ ਗਿਆ ਹੈ, ਇਹ ਭਾਰਤ ਦੀ ਕੁਸ਼ਤੀ ਦੇਵੀ 'ਤੇ ਲਗਾਇਆ ਗਿਆ ਹੈ। ਮੇਰੇ 'ਤੇ ਨਹੀਂ, ਹਰ ਮਹਿਲਾ ਖਿਡਾਰਨ 'ਤੇ ਦੋਸ਼ ਲੱਗੇ ਹਨ।