
ਕੇਂਦਰੀ ਮੰਤਰੀ ਮੰਡਲ ਨੇ ਪੇਂਡੂ ਡਾਕ ਸੇਵਕਾਂ ਦੀ ਮੂਲ ਤਨਖ਼ਾਹ ਵਧਾ ਕੇ 14,500 ਰੁਪਏ ਪ੍ਰਤੀ ਮਹੀਨਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਦੂਰਸੰਚਾਰ ਮੰਤਰੀ ਮਨੋਜ....
ਨਵੀਂ ਦਿੱਲੀ,ਕੇਂਦਰੀ ਮੰਤਰੀ ਮੰਡਲ ਨੇ ਪੇਂਡੂ ਡਾਕ ਸੇਵਕਾਂ ਦੀ ਮੂਲ ਤਨਖ਼ਾਹ ਵਧਾ ਕੇ 14,500 ਰੁਪਏ ਪ੍ਰਤੀ ਮਹੀਨਾ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੇ ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਡਾਕ ਵਿਭਾਗ ਦੇ ਗ੍ਰਾਮੀਣ ਡਾਕ ਸੇਵਕਾਂ (ਜੀਡੀਐਸ) ਦੇ ਤਨਖ਼ਾਹ ਭੱਤਿਆਂ ਵਿਚ ਸੋਧ ਨੂੰ ਮਨਜ਼ੂਰੀ ਦੇ ਦਿਤੀ ਹੈ।
ਉਨ੍ਹਾਂ ਕਿਹਾ, 'ਪੇਂਡੂ ਡਾਕ ਸੇਵਕ ਜਿਨ੍ਹਾਂ 2295 ਰੁਪਏ ਪ੍ਰਤੀ ਮਹੀਨਾ ਮੂਲ ਤਨਖ਼ਾਹ ਮਿਲ ਰਹੀ ਸੀ, ਉਨ੍ਹਾਂ ਨੂੰ 10,000 ਰੁਪਏ ਦੀ ਮੂਲ ਤਨਖ਼ਾਹ ਮਿਲੇਗੀ। ਜਿਨ੍ਹਾਂ ਦੀ ਤਨਖ਼ਾਹ 2775 ਰੁਪਏ ਮਿਲ ਰਹੇ ਸਨ, ਉਨ੍ਹਾਂ ਦੀ ਤਨਖ਼ਾਹ 12,500 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ ਜਿਨ੍ਹਾਂ ਪੇਂਡੂ ਸੇਵਕਾਂ ਨੂੰ 4,115 ਰੁਪਏ ਮਿਲ ਰਹੇ ਸਨ, ਉਨ੍ਹਾਂ ਨੂੰ 14500 ਰੁਪਏ ਪ੍ਰਤੀ ਮਹੀਨਾ ਮੂਲ ਤਨਖ਼ਾਹ ਮਿਲੇਗੀ।
ਮੰਤਰੀ ਨੇ ਕਿਹਾ ਕਿ ਸੋਧੀ ਹੋਈ ਤਨਖ਼ਾਹ ਇਕ ਜਨਵਰੀ 2016 ਤੋਂ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਭੱਤੇ ਮੂਲ ਤਨਖ਼ਾਹ ਤੋਂ ਇਲਾਵਾ ਹੋਣਗੇ ਅਤੇ ਕੇਂਦਰੀ ਮੰਤਰੀ ਮੰਡਲ ਨੇ ਡਾਕ ਸੇਵਕ ਲਈ ਪਹਿਲੀ ਵਾਰ ਜੋਖਮ ਅਤੇ ਕਠਿਨਾਈ ਭੱਤਾ ਲਾਗੂ ਕੀਤਾ ਹੈ। ਦੇਸ਼ ਭਰ ਵਿਚ ਲਗਭਗ 2.6 ਲੱਖ ਪੇਂਡੂ ਡਾਕ ਸੇਵਕ ਹਨ। ਮੰਤਰੀ ਨੇ ਕਿਹਾ ਕਿ ਜੀਡੀਐਸ ਹੁਣ ਤਿੰਨ ਦੀ ਬਜਾਏ ਦੋ ਵਾਰੀਆਂ ਵਿਚ ਕੰਮ ਕਰਨਗੇ। (ਏਜੰਸੀ)