
ਬਗ਼ੈਰ ਕਾਰਨ ਅਧਿਆਪਕ ਨੂੰ ਕਾਲਜ 'ਚੋਂ ਕੱਢਣ ਦੇ ਮਾਮਲੇ 'ਚ 'ਵਰਸਿਟੀ ਚਾਂਸਲਰ ਨੂੰ ਪੱਤਰ ਲਿਖ ਮਾਮਲੇ 'ਚ ਦਖ਼ਲ ਦੀ ਕੀਤੀ ਅਪੀਲ
ਚੰਡੀਗੜ੍ਹ : ਐਮ.ਐਲ.ਬੀ.ਜੀ. ਗਰਲਜ਼ ਕਾਲਜ ਦੇ ਅਧਿਆਪਕ ਡਾ. ਕੰਵਲਜੀਤ ਕੌਰ ਵਲੋਂ ਅਪਣੇ ਵਿਰੁਧ ਹੋਈ ਕਾਰਵਾਈ ਦੇ ਵਿਰੋਧ ਵਿਚ ਸ਼ੁਕਰਵਾਰ ਤੋਂ ਅਣਮਿਥੇ ਸਮੇਂ ਲਈ ਵਾਈਸ ਚਾਂਸਲਰ ਦਫ਼ਤਰ ਦੇ ਸਾਮਣੇ ਧਰਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦਾ ਅਣਏਡਿਡ ਕਾਲਜ ਟੀਚਰਸ ਐਸੋਸੀਏਸ਼ਨ (ਏ.ਯੂ.ਸੀ.ਟੀ.) ਵਲੋਂ ਸਮਰਥਨ ਕੀਤਾ ਹੈ।
ਇਸ ਬਾਰੇ ਸੰਸਥਾ ਦੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਜਗਦੀਪ ਧਨਖੜ ਨੂੰ ਇਕ ਪੱਤਰ ਵੀ ਲਿਖਿਆ ਹੈ ਅਤੇ ਸਾਰੇ ਮਾਮਲੇ ਬਾਰੇ ਤਫ਼ਸੀਲ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ 31.05.2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਾਡੀ ਮਾਣਮੱਤੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਦੇ ਡਿਊਟੀ 'ਚ ਅਣਗਹਿਲੀ ਵਾਲੀ ਕਾਰਵਾਈ ਦੀ ਇਕ ਦੁਖਦਾਈ ਉਦਾਹਰਨ ਸਾਂਝੀ ਕਰ ਰਹੇ ਹਨ ਜਿਸ ਨੇ ਸਾਨੂੰ ਡੂੰਘੀ ਠੇਸ ਪਹੁੰਚਾਈ ਹੈ। ਉਨ੍ਹਾਂ ਦਸਿਆ ਕਿ 2020 ਵਿਚ ਸਹਾਇਕ ਪ੍ਰੋਫੈਸਰ ਕੰਵਲਜੀਤ ਕੌਰ ਨੂੰ ਬਗ਼ੈਰ ਕਿਸੇ ਅਧਾਰ ਤੋਂ ਐਮ.ਐਲ.ਬੀ.ਜੀ. ਗਰਲਜ਼ ਕਾਲਜ, ਟੱਪਰੀਆਂ ਖੁਰਦ, ਨਵਾਂਸ਼ਹਿਰ ਤੋਂ ਕੱਢ ਦਿਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੂੰ ਬਾਅਦ ਵਿਚ ਯੂਨੀਵਰਸਿਟੀ ਦੁਆਰਾ ਬਹਾਲ ਕਰ ਦਿਤਾ ਗਿਆ ਸੀ।
ਇਹ ਵੀ ਪੜ੍ਹੋ: ਈਰਾਨ ਮਹਿਲਾ ਆਈਸ ਹਾਕੀ : ਤਿੰਨ ਸਾਲ ਪਹਿਲਾਂ ਨਹੀਂ ਸੀ ਜਿਸ ਟੀਮ ਦੀ ਹੋਂਦ ਅੱਜ ਬਟੋਰ ਰਹੀ ਹੈ ਸੁਰਖ਼ੀਆਂ
ਕਾਲਜ ਦੇ ਪ੍ਰਬੰਧਕਾਂ ਨੇ ਯੂਨੀਵਰਸਿਟੀ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਨੌਤੀ ਦਿਤੀ ਅਤੇ ਸਟੇਅ ਲੈ ਲਿਆ ਪਰ 31.05.2023 ਨੂੰ, 3 ਸਾਲਾਂ ਬਾਅਦ, ਯੂਨੀਵਰਸਿਟੀ ਨੇ ਅਦਾਲਤ ਵਿਚ ਬਹਾਲੀ ਦਾ ਅਪਣਾ ਹੁਕਮ ਵਾਪਸ ਲੈ ਲਿਆ। ਜਸਪਾਲ ਸਿੰਘ ਨੇ ਪੱਤਰ ਵਿਚ ਲਿਖਿਆ ਕਿ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਨਾਲ ਅਜਿਹਾ ਵਤੀਰਾ ਦਰਸਾਉਂਦਾ ਹੈ ਕਿ ਭਵਿੱਖ ਵਿਚ, ਕਾਲਜ ਪ੍ਰਬੰਧਕਾਂ ਵਲੋਂ ਉਨ੍ਹਾਂ ਵਿਰੁੱਧ ਮਨਮਾਨੇ ਢੰਗ ਨਾਲ ਕਾਰਵਾਈ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਦਬਾਅ ਹੇਠ, ਆਪਣੀ ਰੈਗੂਲੇਟਰੀ ਬਾਡੀ (ਯੂਨੀਵਰਸਿਟੀ) ਤੋਂ ਸਹਾਇਤਾ ਦੀ ਉਮੀਦ ਨਹੀਂ ਰੱਖਦੇ।
ਉਨ੍ਹਾਂ ਲਿਖਿਆ ਕਿ ਇਹ ਅਦਾਲਤ ਵਿਚ ਵੀ ਉਨ੍ਹਾਂ ਪ੍ਰਤੀ ਅਪਣਾ ਫ਼ਰਜ਼ ਨਿਭਾਉਣ ਤੋਂ ਇਨਕਾਰ ਕਰਨ ਦੀ ਇਸ ਹੱਦ ਤਕ ਜਾ ਸਕਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਇਸ ਫ਼ੈਸਲੇ ਦੀ ਨਿਖੇਦੀ ਕਰਦਿਆਂ ਦਖ਼ਲ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਸਾਡੇ ਕੋਲ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਚੀਜ਼ਾਂ ਨੂੰ ਸਹੀ ਕਰ ਸਕਦਾ ਹੈ ਅਤੇ ਯੂਨੀਵਰਸਿਟੀ ਵਿਚ ਸਾਡੇ ਵਿਸ਼ਵਾਸ ਨੂੰ ਦੁਬਾਰਾ ਬਹਾਲ ਸਕਦਾ ਹੈ।