
ਇਲਾਕੇ ’ਚ 27 ਮਈ ਤੋਂ ਗੋਲੀਬਾਰੀ ਦੀਆਂ ਕਈ ਘਟਨਾਵਾ ਵਾਪਰ ਚੁਕੀਆਂ ਹਨ
ਕੋਲਕਾਤਾ: ਮਣੀਪੁਰ ਦੇ ਪੱਛਮੀ ਇੰਫ਼ਾਲ ਜ਼ਿਲ੍ਹੇ ’ਚ ਭੀੜ ਨੇ ਇਕ ਐਂਬੂਲੈਂਸ ਨੂੰ ਰਸਤੇ ’ਚ ਰੋਕ ਕੇ ਉਸ ’ਚ ਅੱਗ ਲਾ ਦਿਤੀ, ਜਿਸ ਕਰਕੇ ਉਸ ’ਚ ਸਵਾਰ ਅੱਠ ਵਰ੍ਹਿਆਂ ਦੇ ਬੱਚੇ, ਉਸ ਦੀ ਮਾਂ ਅਤੇ ਇਕ ਹੋਰ ਰਿਸ਼ਤੇਦਾਰ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਇਰੋੲਸੇਂਬਾ ’ਚ ਵਾਪਰੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਇਕ ਘਟਨਾ ਦੌਰਾਨ ਬੱਚੇ ਦੇ ਸਿਰ ’ਚ ਗੋਲੀ ਲੱਗ ਗਈ ਸੀ ਅਤੇ ਉਸ ਦੀ ਮਾਂ ਤੇ ਇਕ ਰਿਸ਼ਤੇਦਾਰ ਉਸ ਨੂੰ ਇੰਫ਼ਾਲ ਸਥਿਤ ਹਸਪਤਾਲ ਲੈ ਕੇ ਜਾ ਰਹੇ ਸਨ।
ਅਧਿਕਾਰੀਆਂ ਮੁਤਾਬਕ, ਭੀੜ ਦੇ ਹਮਲੇ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਤੋਸਿੰਗ ਹੈਂਗਿੰਗ (8), ਉਸ ਦੀ ਮਾਂ ਮੀਨਾ ਹੈਂਗਿੰਗ (45) ਅਤੇ ਰਿਸ਼ਤੇਦਾਰ ਲਿਦਿਆ ਲੋਰੇਂਬਮ (37) ਦੇ ਤੌਰ ’ਤੇ ਹੋਈ ਹੈ।
ਅਸਮ ਰਾਈਫ਼ਲਜ਼ ਦੇ ਇਕ ਸੀਨੀਅਰ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦਸਿਆ ਕਿ ਘਟਨਾ ਵਾਲੀ ਥਾਂ ਅਤੇ ਉਸ ਦੇ ਆਸਪਾਸ ਸੁਰਖਿਆ ਵਧਾ ਦਿਤੀ ਗਈ ਹੈ।
ਸੂਤਰਾਂ ਨੇ ਕਿਹਾ ਕਿ ਇਹ ਆਦਿਵਾਸੀ ਦਾ ਪੁੱਤਰ ਤੋਂਸਿੰਗ ਅਤੇ ਮੇਈਤੀ ਜਾਤ ਦੀ ਉਸ ਦੀ ਮਾਂ ਕੰਗਚੁਪ ਇਲਾਕੇ ’ਚ ਅਸਮ ਰਾਈਫ਼ਲਜ਼ ਦੇ ਰਾਹਤ ਕੈਂਪ ’ਚ ਰਹਿ ਰਹੇ ਸਨ। ਚਾਰ ਜੂਨ ਨੂੰ ਸ਼ਾਮ ਸਮੇਂ ਇਲਾਕੇ ’ਚ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਕੈਂਪ ’ਚ ਹੋਣ ਦੇ ਬਾਵਜੂਦ ਬੱਚੇ ਨੂੰ ਗੋਲੀ ਲੱਗ ਗਈ ਸੀ।
ਉਸ ਨੂੰ ਐਂਬੂਲੈਂਸ ’ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਜਦੋਂ ਸ਼ਾਮ ਕਰੀਬ ਸਾਢੇ ਛੇ ਵਜੇ ਇਰੋਇਸੇਂਬਾ ’ਚ ਕੁਝ ਲੋਕਾਂ ਨੇ ਐਂਬੂਲੈਂਸ ਨੂੰ ਰੋਕ ਕੇ ਉਸ ’ਚ ਅੱਗ ਲਾ ਦਿਤੀ। ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਲਾਸ਼ਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਕਾਕਚਿੰਗ ਇਲਾਕੇ ’ਚ ਕੁਕੀ ਭਾਈਚਾਰੇ ਦੇ ਕਈ ਪਿੰਡ ਹਨ ਅਤੇ ਇਹ ਕਾਂਗਪੋਕਪੀ ਜ਼ਿਲ੍ਹੇ ਦੀ ਪਛਮੀ ਬੰਗਾਲ ਨਾਲ ਲੱਗੀ ਹੱਦ ’ਤੇ ਮੇਈਤੀ ਭਾਈਚਾਰੇ ਦੇ ਪਿੰਡ ਫਾਯੇਂਗ ਕੋਲ ਹੈ। ਇਸ ਇਲਾਕੇ ’ਚ 27 ਮਈ ਤੋਂ ਗੋਲੀਬਾਰੀ ਦੀਆਂ ਕਈ ਘਟਨਾਵਾ ਵਾਪਰ ਚੁਕੀਆਂ ਹਨ।
ਜ਼ਿਕਰਯੋਗ ਹੈ ਕਿ ਮਣੀਪੁਰ ਵਿਚ ਇਕ ਮਹੀਨਾ ਪਹਿਲਾਂ ਹੋਈ ਨਸਲੀ ਹਿੰਸਾ ਵਿਚ ਘੱਟੋ-ਘੱਟ 98 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 310 ਹੋਰ ਜ਼ਖ਼ਮੀ ਹੋ ਗਏ ਹਨ। ਕੁੱਲ 37,450 ਲੋਕ ਇਸ ਸਮੇਂ 272 ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਮਨੀਪੁਰ ਵਿਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੇਈਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿਚ ‘ਕਬਾਇਲੀ ਏਕਤਾ ਮਾਰਚ’ ਕੀਤੇ ਜਾਣ ਤੋਂ ਬਾਅਦ ਝੜਪਾਂ ਹੋਈਆਂ।
ਮਣੀਪੁਰ ਦੀ ਆਬਾਦੀ ਦਾ 53 ਪ੍ਰਤੀਸ਼ਤ ਮੇਈਤੀ ਬਣਦੇ ਹਨ ਅਤੇ ਮੁੱਖ ਤੌਰ ’ਤੇ ਇੰਫਾਲ ਘਾਟੀ ਵਿਚ ਰਹਿੰਦੇ ਹਨ। ਕਬਾਇਲੀ-ਨਾਗਾ ਅਤੇ ਕੂਕੀ ਆਬਾਦੀ ਦਾ 40 ਫ਼ੀ ਸਦੀ ਬਣਦੇ ਹਨ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ।
ਰਾਜ ਵਿਚ ਸ਼ਾਂਤੀ ਬਹਾਲ ਕਰਨ ਲਈ ਲਗਭਗ 10,000 ਫੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।