ਸ਼ਾਹਬਾਦ ’ਚ 9 ਕਿਸਾਨ ਆਗੂ ਗ੍ਰਿਫ਼ਤਾਰ, ਦੰਗਾ ਕਰਨ ਸਮੇ ਕਈ ਧਾਰਾਵਾਂ ਹੇਠ ਐਫ਼.ਆਈ.ਆਰ. ਦਰਜ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਹੁਣ ਰੱਦ ਕੀਤੇ ਜਾ ਚੁੱਕੇ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਲਈ ਸ਼ੁਰੂ ਕਰਨਾ ਹੋਵੇਗਾ।
ਟਿਕੈਤ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਸੂਰਜਮੁਖੀ ਦੇ ਬੀਜ ਖ਼ਰੀਦਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕੁਰੂਕੁਸ਼ੇਤਰ ਦੇ ਸ਼ਾਹਬਾਦ ’ਚ ਇਕ ਕੌਮੀ ਸ਼ਾਹਰਾਹ ਨੂੰ ਰੋਕਣ ਵਾਲੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਹਰਿਆਣਾ ਪੁਲਿਸ ਦੇ ਲਾਠੀਚਾਰਜ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ, ‘‘ਐਮ.ਐਸ.ਪੀ. ਦੀ ਮੰਗ ਕਰਨ ਵਾਲਿਆਂ ’ਤੇ ਦੇਸ਼ ’ਚ ਇਹ ਪਹਿਲਾ ਲਾਠੀਚਰਜ ਹੈ।’’ ਉਨ੍ਹਾਂ ਕਿਹਾ ਕਿ ਫ਼ਸਲਾਂ ਲਈ ਐਮ.ਐਸ.ਪੀ. ਇਕ ਕੁਲ ਭਾਰਤੀ ਮੁੱਦਾ ਹੈ। ਉਨ੍ਹਾਂ ਕਿਹਾ ਕਿ ਸ਼ਾਹਬਾਦ ’ਚ ਸ਼ੁਰੂ ਹੋਇਆ ਸੰਘਰਸ਼ ਕੌਮੀ ਪੱਧਰ ਤਕ ਪੁੱਜੇਗਾ ਕਿਉਂਕਿ ਹਰ ਕਿਸਾਨ ਵੱਖੋ-ਵੱਖ ਫ਼ਸਲਾਂ ਲਈ ਐਮ.ਐਸ.ਪੀ. ਨੂੰ ਲੈ ਕੇ ਚਿੰਤਤ ਹੈ।
9 ਕਿਸਾਨ ਆਗੂ ਗ੍ਰਿਫ਼ਤਾਰ, ਦੰਗਾ ਕਰਨ ਸਮੇ ਕਈ ਧਾਰਾਵਾਂ ਹੇਠ ਐਫ਼.ਆਈ.ਆਰ. ਦਰਜ
ਜ਼ਿਕਰਯੋਗ ਹੈ ਕਿ ਸੂਰਜਮੁਖੀ ਦੇ ਬੀਜਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਸਰਕਾਰ ਵਲੋਂ ਖ਼ਰੀਦੇ ਜਾਣ ਦੀ ਮੰਗ ਕਰ ਰਹੇ ਕਿਸਾਨਾਂ ਵਲੋਂ ਇਕ ਕੌਮੀ ਸ਼ਾਹਰਾਹ ਜਾਮ ਕੀਤੇ ਜਾਣ ’ਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਲੀ ਸਮੇਤ 9 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ’ਤੇ ਆਈ.ਪੀ.ਸੀ. ਦੀਆਂ ਵੱਖੋ-ਵੱਖ ਧਾਰਾਵਾਂ ਹੇਠ ਮਾਲਮੇ ਦਰਜ ਹੋਣ ਤੋਂ ਬਾਅਦ ਬੀ.ਕੇ.ਯੂ. (ਚੜੂਨੀ) ਦੇ 9 ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਅਨੁਸਾਰ ਇਨ੍ਹਾਂ ਲੋਕਾਂ ਵਿਰੁਧ ਦੰਗਾ ਕਰਨ, ਗ਼ੈਰਕਾਨੂੰਨੀ ਤਰੀਕ ਨਾਲ ਇਕੱਠੇ ਹੋਣ ਅਤੇ ਸਰਕਾਰੀ ਅਧਿਕਾਰੀ ਨੂੰ ਅਪਣਾ ਕੰਮ ਕਰਨ ਤੋਂ ਰੋਕਣ ਲਈ ਅਪਰਾਧਕ ਬਲ ਦਾ ਪ੍ਰਯੋਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਚੜੂਨੀ ਦੇ ਸੱਦੇ ’ਤੇ ਕਿਸਾਨਾਂ ਨੇ ਮੰਗਲਵਾਰ ਨੂੰ ਸ਼ਾਹਬਾਦ ਕੋਲ ਦਿੱਲੀ-ਚੰਡੀਗੜ੍ਹ ਕੌਮੀ ਸ਼ਾਹਰਾਹ ਨੂੰ 6 ਘੰਟਿਆਂ ਤਕ ਰੋਕੀ ਰਖਿਆ ਸੀ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਲਾਠੀਚਾਰਜ ਕੀਤਾ ਸੀ। ਇਸ ਦੌਰਾਨ ਕੁਝ ਕਿਸਾਨ ਸ਼ਾਹਬਾਦ-ਲਾਡਵਾ ਰੋਡ ’ਤੇ ਅਨਾਜ ਮੰਡੀ ਕੋਲ ਇਕੱਠੇ ਹੋਏ ਅਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ।