ਮੂੰਗੀ ਦੀ ਕੀਮਤ ’ਚ ਸਭ ਤੋਂ ਜ਼ਿਆਦਾ ਵਾਧਾ
ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਦੀ ਅੱਜ ਦਿੱਲੀ ’ਚ ਹੋਈ ਬੈਠਕ ਦੌਰਾਨ ਕੇਂਦਰ ਸਰਕਾਰ ਨੇ 2023-24 ਲਈ ਝੋਨੇ ਦੇ ਘੱਟ ਤੋਂ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ 143 ਰੁਪਏ ਵਧਾ ਦਿਤਾ ਹੈ। ਇਸ ਵਾਧੇ ਦੇ ਨਾਲ ਝੋਨੇ ਦੀ ਪ੍ਰਤੀ ਕੁਇੰਟਲ ਕੀਮਤ 2183 ਰੁਪਏ ਹੋ ਜਾਵੇਗੀ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਮੌਸਮ ਦੀਆਂ ਹੋਰਨਾਂ ਫ਼ਸਲਾਂ ਦੇ ਐਮ.ਐਸ.ਪੀ. ’ਚ ਵੀ ਵਾਧਾ ਕੀਤਾ ਹੈ। ਜਿਸ ’ਚ ਮੂੰਗੀ ਦੀ ਕੀਮਤ ’ਚ ਸਭ ਤੋਂ ਜ਼ਿਆਦਾ 803 ਰੁਪਏ ਦਾ ਵਾਧਾ ਕੀਤਾ ਗਿਆ ਹੈ, ਅਤੇ ਇਸ ਨੂੰ 8558 ਰੁਪਏ ਪ੍ਰਤੀ ਕੁਇੰਟਲ ਕਰ ਦਿਤਾ ਗਿਆ ਹੈ।
ਹਾਈਬ੍ਰਿਡ ਜੁਆਰ ਦੀ ਕੀਮਤ ਪਿਛਲੇ ਸਾਲ ਮੁਕਾਬਲੇ 210 ਰੁਪਏ ਵਧਾ ਕੇ 3180 ਰੁਪਏ ਕਰ ਦਿਤੀ ਗਈ ਹੈ, ਜਦਕਿ ਬਾਜਰੇ ਦੀ ਕੀਮਤ 150 ਰੁਪਏ ਵਧਾ ਕੇ 2500 ਰੁਪਏ ਕਰ ਦਿਤੀ ਗਈ ਹੈ।
ਮੱਕੀ ਦੀ ਕੀਮਤ 128 ਰੁਪਏ ਵਧਾ ਕੇ 2090 ਰੁਪਏ ਕਰ ਦਿਤੀ ਗਈ ਹੈ। ਮੁੰਗਫਲੀ ਦੀ ਕੀਮਤ ’ਚ 527 ਰੁਪਏ ਦਾ ਵਧਾ ਕਰ ਕੇ 6377 ਰੁਪਏ ਕਰ ਦਿਤੀ ਗਈ ਹੈ। ਜਦਕਿ ਸੂਰਜਮੁਖੀ ਦੇ ਬੀਜਾਂ ਦੀ ਕੀਮਤ ’ਚ 360 ਰੁਪਏ ਦਾ ਵਾਧਾ ਕਰ ਕੇ 6760 ਰੁਪਏ ਕਰ ਦਿਤੀ ਗਈ ਹੈ।
ਦਰਮਿਆਨੇ ਰੇਸ਼ੇ ਵਾਲੀ ਕਪਾਹ ਦੀ ਐਮ.ਐਸ.ਪੀ. ’ਚ 447 ਰੁਪਏ ਦਾ ਵਾਧਾ ਕੀਤਾ ਗਿਆ ਹੈ ਜੋ ਕਿ ਹੁਣ 6620 ਰੁਪਏ ਪ੍ਰਤੀ ਕੁਇੰਟਲ ਹੋਵੇਗੀ। ਲੰਮੇ ਰੇਸ਼ੇ ਵਾਲੀ ਕਪਾਹ ਦੀ ਕੀਮਤ ’ਚ 640 ਰੁਪਏ ਦਾ ਵਾਧਾ ਕਰ ਕੇ 7020 ਰੁਪਏ ਕਰ ਦਿਤਾ ਗਿਆ ਹੈ।