ਕਿਹਾ, ਇਨਸਾਨੀਅਤ ਹੀ ਇਕੋ-ਇਕ ਉਹ ਜ਼ਰੀਆ ਹੈ ਜਿਸ ਨਾਲ ਇਕ ਹੋਰ ਮਹਾਂਮਾਰੀ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ
ਨਵੀਂ ਦਿੱਲੀ: ਵਿਗਿਆਨਿਕਾਂ ਦਾ ਕਹਿਣਾ ਹੈ ਕਿ ਜੇ ਅਸੀਂ ਚਮਗਿੱਦੜਾਂ ਨੂੰ ਇਕੱਲਾ ਛੱਡ ਦੇਈਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਕੁਦਰਤੀ ਰਿਹਾਇਸ਼ ’ਚ ਹੀ ਰਹਿਣ ਦੇਈਏ ਤਾਂ ਮਹਾਂਮਾਰੀ ਦੇ ਸ਼ੱਕ ਨੂੰ ਘੱਟ ਕਰ ਸਕਦੇ ਹਾਂ। ‘ਦ ਲਾਂਸੇਟ ਪਲੈਨੇਟਰੀ ਹੈਲਥ’ ਰਸਾਲੇ ’ਚ ਇਸ ਬਾਬਤ ਇਕ ਅਧਿਐਨ ਪ੍ਰਕਾਸ਼ਤ ਹੋਇਆ ਹੈ।
ਵਾਇਲਡ ਲਾਈਫ਼ ਕੰਜ਼ਰਵੇਸ਼ਨ ਸੁਸਾਇਟੀ (ਡਬਿਲਊ.ਸੀ.ਐਸ.), ਯੂ.ਐਸ. ਦੇ ਨਾਲ ਮਿਲ ਕੇ ਖੋਜ ਕਰਨ ਵਾਲੇ ਕਾਰਨੇਲ ਯੂਨੀਵਰਸਿਟੀ, ਅਮਰੀਕਾ ਦੇ ਖੋਜਾਰਥੀਆਂ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਚਮਗਿੱਦੜ ਦੇ ਵਾਇਰਸ ਦਾ ਸਟੀਕ ਤਰੀਕੇ ਨਾਲ ਕਿਸ ਤਰ੍ਹਾਂ ਪਤਾ ਲਾਇਆ ਜਾ ਸਕਦਾ ਹੈ ਜਿਸ ਕਰਕੇ ਕੋਵਿਡ-19 ਮਹਾਂਮਾਰੀ ਆਈ ਅਤੇ 2003 ’ਚ ਸਾਰਸ ਕੋਰੋਨਾ ਵਾਇਰਸ ਮਹਾਂਮਾਰੀ ਆਈ।
ਚਮਗਿੱਦੜਾਂ ਨੂੰ ਰੈਬੀਜ਼, ਮਾਰਬਰਗ ਫਿਲੋਵਾਇਰਸ, ਹੈਂਡਰਾ ਅਤੇ ਨਿਪਾਹ ਪੈਰਾਮਾਈਕਸੋਵਾਇਰਸ, ਮਿਡਲ ਈਸਟ ਰੈਸਪੇਰੇਟਰੀ ਸਿੰਡਰੋਮ (ਐਮ.ਈ.ਆਰ.ਐਸ.) ਕੋਰੋਨਾ ਵਾਇਰਸ ਵਰਗੇ ਵਿਸ਼ਾਣੂਆਂ ਦਾ ਸਰੋਤ ਮੰਨਿਆ ਜਾਂਦਾ ਹੈ ਅਤੇ ਫ਼ਰੂਟ ਬੈਟ (ਇਕ ਤਰ੍ਹਾਂ ਦਾ ਚਮਗਿੱਦੜ) ਨੂੰ ਇਬੋਲਾ ਵਾਇਰਸ ਦਾ ਸਰੋਤ ਮੰਨਿਆ ਜਾਂਦਾ ਹੈ।
ਖੋਜਾਰਥੀਆਂ ਨੇ ਕਿਹਾ ਹੈ ਕਿ ਇਹ ਵਿਸ਼ਲੇਸ਼ਣ ਕੌਮਾਂਤਰੀ ਰੂਪ ’ਚ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਉਜਾਗਰ ਕਰਦਾ ਹੈ ਕਿ ਅਸੀਂ ਚਮਗਿੱਦੜਾਂ ਤੋਂ ਡਰੀਏ ਨਾ ਜਾਂ ਉਨ੍ਹਾਂ ਨੂੰ ਹਟਾਉਣ ਅਤੇ ਮਾਰਨ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਇਹ ਸਾਰੀਆਂ ਗਤੀਵਿਧੀਆਂ ਸਿਰਫ਼ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ’ਚ ਹੀ ਮਦਦਗਾਰ ਹੋਣਗੀਆਂ ਅਤੇ ਇਸ ਨਾਲ ਉਨ੍ਹਾਂ ਦੇ ਹਰ ਪਾਸੇ ਫੈਲਣ ’ਚ ਮਦਦ ਮਿਲੇਗੀ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਅਸਲ ’ਚ ਖ਼ਤਰਨਾਕ ਵਾਇਰਸ ਪਸ਼ੂਆਂ ਤੋਂ ਮਨੁੱਖ ’ਚ ਸੰਚਾਰ ਹੁੰਦਾ ਹੈ, ਅਜਿਹੇ ’ਚ ਇਨਸਾਨੀਅਤ ਹੀ ਇਕੋ-ਇਕ ਉਹ ਜ਼ਰੀਆ ਹੈ ਜਿਸ ਨਾਲ ਇਕ ਹੋਰ ਮਹਾਂਮਾਰੀ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।