
ਟੀਪੂ ਸੁਲਤਾਨ ਦੀ ਤਸਵੀਰ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਆਡੀਓ ਸੰਦੇਸ਼ ਨੂੰ ਲਾਉਣ ਵਿਰੁਧ ਹਿੰਸਾ ਫੈਲ ਗਈ
ਕੋਲ੍ਹਾਪੁਰ: ਮਹਾਰਾਸ਼ਟਰ ਦੇ ਕੋਲ੍ਹਾਪੁਰ ’ਚ ਕੁਝ ਸਥਾਨਕ ਲੋਕਾਂ ਵਲੋਂ ਟੀਪੂ ਸੁਲਤਾਨ ਦੀ ਤਸਵੀਰ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਆਡੀਓ ਸੰਦੇਸ਼ ਨੂੰ ਸੋਸ਼ਲ ਮੀਡੀਆ ’ਤੇ ‘ਸਟੇਟਸ’ ਦੇ ਰੂਪ ’ਚ ਲਾਉਣ ਵਿਰੁਧ ਅੱਜ ਹਿੰਸਾ ਫੈਲ ਗਈ। ਬੁਧਵਾਰ ਨੂੰ ਪ੍ਰਦਰਸ਼ਨ ਕਰ ਰਹੀ ਭੀੜ ਵਲੋਂ ਪੱਥਰਬਾਜ਼ੀ ਕਰਨ ਮਗਰੋਂ ਲੋਕਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪ੍ਰਦਰਸ਼ਨ ਨੂੰ ਵੇਖਦਿਆਂ ਕੋਲ੍ਹਾਪੁਰ ’ਚ ਵੀਰਵਾਰ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿਤੀਆਂ ਗਈਆਂ। ਸੂਬਾ ਰੀਜ਼ਰਵ ਪੁਲਿਸ ਫ਼ੋਰਸ ਨੂੰ ਸ਼ਹਿਰ ’ਚ ਤੈਨਾਤ ਕੀਤਾ ਗਿਆ ਹੈ ਜਦਕਿ ਪੁਲਿਸ ਨੇ ਸਤਾਰਾ ’ਚ ਹੋਰ ਪੁਲਿਸ ਫ਼ੋਰਸ ਦੀ ਮੰਗ ਕੀਤੀ ਹੈ।
19 ਜੂਨ ਤਕ ਪਾਬੰਦੀ ਦੇ ਹੁਕਮ ਲਾਗੂ ਕਰ ਦਿਤੇ ਗਏ ਹਨ ਅਤੇ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠਾ ਹੋਣ ’ਤੇ ਪਾਬੰਦੀ ਲਾ ਦਿਤੀ ਗਈ ਹੈ।
ਇਸ ਗੱਲ ਦਾ ਸ਼ੱਕ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਕੁਝ ਸਮੂਹ ਗੁਆਂਢੀ ਸਾਂਗਲੀ ਜ਼ਿਲ੍ਹੇ ਤੋਂ ਆ ਸਕਦੇ ਹਨ, ਇਸ ਨੂੰ ਵੇਖਦਿਆਂ ਪੁਲਿਸ ਨੂੰ ਚੌਕਸ ਕਰ ਦਿਤਾ ਗਿਆ ਹੈ ਅਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਜਾ ਸਕਦੇ ਹਨ।
ਕੀ ਹੈ ਮਾਮਲਾ?
ਦੋ ਵਿਅਕਤੀਆਂ ਨੇ ਮੈਸੂਰ ਦੇ 18ਵੀਂ ਸਦੀ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਸਵੀਰ ਨਾਲ ਕਥਿਤ ਇਤਰਾਜ਼ਯੋਗ ਆਡੀਓ ਸੰਦੇਸ਼ਾਂ ਨੂੰ ਅਪਣੇ ਸੋਸ਼ਲ ਮੀਡੀਆ ‘ਸਟੇਟਸ’ ’ਤੇ ਲਾਇਆ ਸੀ ਜਿਸ ਕਰਕੇ ਮੰਗਲਵਾਰ ਨੂੰ ਤਣਾਅ ਫੈਲ ਗਿਆ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਦੱਖਣੀਪੰਥੀ ਕਾਰਕੁਨਾਂ ਦੇ ਇਕ ਸਮੂਹ ਨੇ ਦੋਹਾਂ ਵਿਅਕਤੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਦੋਹਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਹੋਰ ਪ੍ਰਦਰਸ਼ਨ ਹੋਣ ਮਗਰੋਂ ਪੁਲਿਸ ਨੇ ਸ਼ਾਮ ਨੂੰ ਇਕ ਹੋਰ ਐਫ਼.ਆਈ.ਆਰ. ਦਰਜ ਕੀਤੀ ਅਤੇ 7 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਬੁਧਵਾਰ ਨੂੰ ਮੁੜ ਪ੍ਰਦਰਸ਼ਨਕਾਰੀ ਸੜਕਾਂ ’ਤੇ ਆ ਗਏ
ਵਿਰੋਧੀ ਧਿਰ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਗ੍ਰਹਿ ਵਿਭਾਗ ਸੰਭਾਲਣ ਵਾਲੇ ਫੜਨਵੀਸ ’ਤ ਕਾਨੂੰਨ ਵਿਵਸਥਾ ਕਾਇਮ ਰੱਖਣ ’ਚ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ।
ਦੂਜੇ ਪਾਸੇ ਐਨ.ਸੀ.ਪੀ. ਦੇ ਪ੍ਰਧਾਨ ਸ਼ਰਦ ਪਵਾਰ ਨੇ ਅਹਿਮਦਨਗਰ ਅਤੇ ਕੋਲ੍ਹਾਪੁਰ ’ਚ ਹੋਈਆਂ ਘਟਨਾਵਾਂ ਦੀ ਪਿੱਠਭੂਮੀ ’ਚ ਦਾਅਵਾ ਕੀਤਾ ਕਿ ਮਹਾਰਾਸ਼ਟਰ ’ਚ ਕੁਝ ਛੋਟੇ ਮੁੱਦਿਆਂ ਨੂੰ ‘ਧਾਰਮਕ ਰੰਗ’ ਦਿਤਾ ਜਾ ਰਿਹਾ ਹੈ ਅਤੇ ਸੱਤਾਧਾਰੀ ਪਾਰਟੀ ਅਜਿਹੀਆਂ ਚੀਜ਼ਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਜਦਕਿ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਕੁਝ ਨੇਤਾਵਾਂ ਵਲੋਂ ਸੂਬੇ ਅੰਦਰ ਦੰਗੇ ਵਰਗੇ ਹਾਲਾਤ ਬਾਬਤ ਬਿਆਨ ਅਤੇ ਕਿਸੇ ਖ਼ਾਸ ਫਿਰਕੇ ਦੇ ਇਕ ਵਰਗ ਵਲੋਂ ਔਰੰਗਜ਼ੇਬ ਅਤੇ ਟੀਪੂ ਸੁਲਤਾਨ ਦੀ ਤਾਰੀਫ਼ ਕੀਤੇ ਜਾਣ ਦੀ ਘਟਨਾ ਅਚਾਨਕ ਹੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਤਾਰੀਫ਼ ਮਹਾਰਾਸ਼ਟਰ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਫੜਨਵੀਸ ਨੇ ਇਹ ਟਿਪਣੀ ਅਹਿਮਦਨਗਰ ’ਚ ਇਕ ਜਲੂਸ ਦੌਰਾਨ ਔਰੰਗਜ਼ੇਬ ਦੀ ਤਸਵੀਰ ਲਹਿਰਾਏ ਜਾਣ ਦੀ ਘਟਨਾ ਅਤੇ ਕੋਲ੍ਹਾਪੁਰ ’ਚ ਤਣਾਅ ਦੀ ਪਿੱਠਭੂਮੀ ’ਚ ਕੀਤੀ ਹੈ।