
ਮੁਆਵਜ਼ੇ ਦੇ ਲਾਲਚ ’ਚ ਅਪਣੇ ਪਤੀ ਦੀ ਮੌਤ ਦਾ ‘ਝੂਠਾ’ ਦਾਅਵਾ ਕਰਨ ਵਾਲੀ ਔਰਤ ਫ਼ਰਾਰ
ਭੁਵਨੇਸ਼ਵਰ: ਓਡਿਸ਼ਾ ਦੇ ਬਾਲਾਸੋਰ ਜ਼ਿਲ੍ਹੇ ’ਚ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ ਸੂਬਾ ਸਰਕਾਰ ਅਤੇ ਰੇਲਵੇ ਵਲੋਂ ਐਲਾਨੀ ਮੁਆਵਜ਼ੇ ਦੀ ਰਕਮ ਹਾਸਲ ਕਰਨ ਲਈ ਅਪਣੇ ਪਤੀ ਦੀ ਮੌਤ ਦਾ ‘ਝੂਠਾ’ ਦਾਅਵਾ ਕਰਨ ਵਾਲੀ ਔਰਤ ਫ਼ਰਾਰ ਹੋ ਗਈ ਹੈ।
ਔਰਤ ਦੇ ਪਤੀ ਨੇ ਇਸ ਮਾਮਲੇ ਨੂੰ ਲੈ ਕੇ ਅਪਣੀ ਪਤਨੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਕਟਕ ਜ਼ਿਲ੍ਹੇ ਦੇ ਮਣਿਆਬਾਂਦਾ ਦੀ ਵਾਸੀ ਗੀਤਾਂਜਲੀ ਦੱਤਾ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਪਤੀ ਬਿਜੈ ਦੱਤਾ ਦੀ 2 ਜੂਨ ਨੂੰ ਹੋਏ ਰੇਲ ਹਾਦਸੇ ’ਚ ਮੌਤ ਹੋ ਗਈ ਸੀ। ਉਸ ਨੇ ਇਸ ਲਾਸ਼ ਦੀ ਪਛਾਣ ਅਪਣੇ ਪਤੀ ਦੇ ਰੂਪ ’ਚ ਵੀ ਕੀਤੀ ਸੀ। ਹਾਲਾਂਕਿ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਔਰਤ ਦਾ ਦਾਅਵਾ ਝੂਠਾ ਸੀ।
ਪੁਲਿਸ ਨੇ ਦਸਿਆ ਕਿ ਉਸ ਸਮੇਂ ਔਰਤ ਨੂੰ ਚੇਤਾਵਨੀ ਦੇ ਕੇ ਛੱਡ ਦਿਤਾ ਗਿਆ, ਪਰ ਔਰਤ ਦੀਆਂ ਮੁਸ਼ਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਸ ਦੇ ਪਤੀ ਬਿਜੇ ਦੱਤਾ ਨੇ ਮਣੀਆਬਾਂਦਾ ਥਾਣੇ ’ਚ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਕਿਹਾ ਕਿ ਔਰਤ ਗ੍ਰਿਫ਼ਤਾਰੀ ਦੇ ਡਰ ਤੋਂ ਫ਼ਰਾਰ ਹੈ। ਉਹ ਬੀਤੇ 13 ਸਾਲਾਂ ਤੋਂ ਅਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪੁਲਿਸ ਨੇ ਦਸਿਆ ਕਿ ਗੀਤਾਂਜਲੀ ਵਿਰੁਧ ਸਰਕਾਰੀ ਪੈਸੇ ਹੜੱਪਣ ਦੀ ਕੋਸ਼ਿਸ਼ ਕਰਨ ਅਤੇ ਉਸ ਦੀ ਮੌਤ ਦਾ ਝੂਠਾ ਦਾਅਵਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਦੌਰਾਨ ਮੁੱਖ ਸਕੱਤਰ ਪੀ.ਕੇ. ਜੇਨਾ ਨੇ ਰੇਲਵੇ ਅਤੇ ਓਡੀਸ਼ਾ ਪੁਲਿਸ ਤੋਂ ਲਾਸ਼ਾਂ ’ਤੇ ਫ਼ਰਜ਼ੀ ਦਾਅਵਾ ਕਰਨ ਵਾਲੇ ਲੋਕਾਂ ਵਿਰੁਧ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਲਈ ਓਡੀਸ਼ਾ ਦੇ ਮੁੱਖ ਮੰਤਰੀ ਨੇ ਪੰਜ ਲੱਖ ਰੁਪਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਲੱਖ ਰੁਪਏ ਅਤੇ ਰੇਲ ਮੰਤਰਾਲੇ ਨੇ ਦਸ ਲੱਖ ਰੁਪਏ ਦੀ ਮੁਆਵਜ਼ਾ ਰਕਮ ਦਾ ਐਲਾਨ ਕੀਤਾ ਸੀ।
ਓਡੀਸ਼ਾ ਦੇ ਬਾਲਾਸੋਰ ’ਚ ਦੋ ਜੂਨ ਨੂੰ ਦੋ ਯਾਤਰੀ ਰੇਲ ਗੱਡੀਆਂ ਅਤੇ ਇਕ ਮਾਲ ਗੱਡੀ ਦੇ ਟਕਰਾਉਣ ਕਰਕੇ ਕੁਲ 288 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।