
ਅਹੁਦਾ ਛੱਡਣ ਦਾ ਪਾਇਆ ਜਾ ਰਿਹਾ ਸੀ ਦਬਾਅ, ਇਕ ਵਿਅਕਤੀ ਗਿ੍ਰਫ਼ਤਾਰ
ਮੁਰੇਨਾ: ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ ਇਕ ਦਲਿਤ ਸਰਪੰਚ ਨੂੰ ਕਥਿਤ ਤੌਰ ’ਤੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਗਿਆ, ਜਿਸ ਕਾਰਨ ਉਸ ਨੂੰ ਅਪਣਾ ਜੱਦੀ ਪਿੰਡ ਛੱਡਣਾ ਪਿਆ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਕ ਪੁਲਿਸ ਅਧਿਕਾਰੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਕੌਥਰਕਲਾਂ ਪੰਚਾਇਤ ਦੇ ਸਰਪੰਚ ਨੇ ਵੀਰਵਾਰ ਨੂੰ ਪੋਰਸਾ ਥਾਣੇ ਵਿਚ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਗੁੰਡੇ ਉਸ ਨੂੰ ਪਰੇਸ਼ਾਨ ਕਰ ਰਹੇ ਸਨ, ਬਦਮਾਸ਼ ਚਾਹੁੰਦੇ ਸਨ ਕਿ ਉਹ ਅਪਣਾ ਅਹੁਦਾ ਛੱਡ ਦੇਵੇ ਅਤੇ ਅਪਣਾ ‘ਡੋਂਗਲ’ ਵੀ ਉਨ੍ਹਾਂ ਨੂੰ ਸੌਂਪ ਦੇਵੇ, ਜਿਸ ’ਤੇ ਉਸ ਦਾ ‘ਡਿਜੀਟਲ ਦਸਤਖਤ ਪਾਸਵਰਡ’ ਸੀ।
ਅਧਿਕਾਰੀ ਨੇ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਜਦੋਂ ਉਸ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੂੰ 3 ਮਈ ਨੂੰ ਕੌਥਰਕਲਾਂ ਦੇ ਬਾਹਰੀ ਇਲਾਕੇ ’ਚ ਲਿਜਾਇਆ ਗਿਆ, ਦਰੱਖ਼ਤ ਨਾਲ ਬੰਨ੍ਹ ਕੇ ਕੁੱਟਿਆ ਗਿਆ।
ਅੰਬਾਹ ਸਬ-ਡਵੀਜ਼ਨਲ ਪੁਲਿਸ ਅਧਿਕਾਰੀ (ਐਸ.ਡੀ.ਓ.ਪੀ.) ਰਵੀ ਭਦੌਰੀਆ ਨੇ ਦਸਿਆ, ‘‘ਸਰਪੰਚ ਦੀ ਸ਼ਿਕਾਇਤ ਦੇ ਆਧਾਰ ’ਤੇ ਦਿਵਾਕਰ ਸਿੰਘ ਤੋਮਰ ਅਤੇ ਉਸ ਦੇ ਭਰਾ ਪਿੰਕੂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਅਦ ਵਿਚ ਦਿਵਾਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’’
ਚਸ਼ਮਦੀਦਾਂ ਨੇ ਦਸਿਆ ਕਿ ਪੀੜਤ ਨੇ ਬਾਅਦ ’ਚ ਅਪਣਾ ਸਾਮਾਨ ਇਕ ਗੱਡੀ ’ਚ ਪੈਕ ਕੀਤਾ ਅਤੇ ਅਪਣੇ ਰਿਸ਼ਤੇਦਾਰਾਂ ਨਾਲ ਗੋਹਦ ਸ਼ਹਿਰ ਲਈ ਰਵਾਨਾ ਹੋ ਗਿਆ। ਪੰਚਾਇਤ ਸਕੱਤਰ ਬਲਬੀਰ ਸਿਕਰਵਾਰ ਨੇ ਕਿਹਾ, ‘‘ਸਰਪੰਚ ਨੇ ਮੈਨੂੰ ਦਸਿਆ ਕਿ ਕੁੱਝ ਲੋਕ ਉਸ ਨੂੰ ਤਸੀਹੇ ਦੇ ਰਹੇ ਹਨ, ਇਸ ਲਈ ਉਹ ਪਿੰਡ ਛੱਡ ਰਿਹਾ ਹੈ।’’