
ਕਿਹਾ, ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ
ਚੇਨਈ : 18ਵੀਂ ਲੋਕ ਸਭਾ ਦੇ ਅੰਕੜਿਆਂ ’ਤੇ ਜੇਕਰ ਇਕ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਜਾਂ ਪੂਰੇ NDA ’ਚ ਇਕ ਵੀ ਮੁਸਲਿਮ ਸੰਸਦ ਮੈਂਬਰ ਨਹੀਂ ਹੈ। ਇਹੀ ਨਹੀਂ ਮੁਸਲਮਾਨਾਂ, ਸਿੱਖਾਂ ਅਤੇ ਬੋਧੀਆਂ ਤੋਂ ਇਲਾਵਾ ਸੰਸਦ ’ਚ NDA ਦਾ ਇਕ ਵੀ ਈਸਾਈ ਸੰਸਦ ਮੈਂਬਰ ਨਹੀਂ ਹੋਵੇਗਾ।
ਤਾਮਿਲਨਾਡੂ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ NDA ਦੀ ਉਮੀਦਵਾਰ ਸੂਚੀ ’ਤੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ’ਚ NDA ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ’ਚ ਇਕ ਵੀ ਮੁਸਲਿਮ, ਈਸਾਈ, ਸਿੱਖ ਜਾਂ ਬੋਧੀ ਸੰਸਦ ਮੈਂਬਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹਾਲ ਹੀ ’ਚ ਇਕ ਅੰਕੜਾ ਸਾਹਮਣੇ ਆਇਆ ਹੈ। ਜਿੱਥੇ ਇਹ ਵੇਖਿਆ ਗਿਆ ਹੈ ਕਿ ਭਾਜਪਾ ਦੇ ਨਾਲ-ਨਾਲ ਪੂਰੇ NDA ’ਚ ਬ੍ਰਾਹਮਣਾਂ ਦੀ ਜਿੱਤ ਹੋਈ ਹੈ। NDA ਨੇ ਜਿਨ੍ਹਾਂ 14.9 ਫੀ ਸਦੀ ਬ੍ਰਾਹਮਣਾਂ ਨੂੰ ਟਿਕਟਾਂ ਦਿਤੀਆਂ ਹਨ, ਉਨ੍ਹਾਂ ’ਚੋਂ 14.7 ਫੀ ਸਦੀ ਨੇ ਜਿੱਤ ਹਾਸਲ ਕੀਤੀ ਹੈ। NDA ’ਚ ਰਾਜਪੂਤ ਅਤੇ ਹੋਰਾਂ ਸਮੇਤ 33.2 ਫ਼ੀ ਸਦੀ ਸੰਸਦ ਮੈਂਬਰ ਉੱਚ ਜਾਤੀਆਂ ਨਾਲ ਸਬੰਧਤ ਹਨ। ਓ.ਬੀ.ਸੀ. ਅਤੇ ਦਰਮਿਆਨੀ ਜਾਤੀ (ਮਰਾਠਾ, ਜਾਟ, ਲਿੰਗਾਇਤ, ਪਾਟੀਦਾਰ, ਰੈਡੀ, ਵੋਕਾਲੀਗਾ) ਦੇ ਵੀ 41.9 ਫ਼ੀ ਸਦੀ ਸੰਸਦ ਮੈਂਬਰ ਹਨ। ਮੁਸਲਿਮ, ਈਸਾਈ, ਸਿੱਖ ਅਤੇ ਬੋਧੀ ਭਾਈਚਾਰਿਆਂ ਦਾ NDA ’ਚ ਇਕ ਵੀ ਸੰਸਦ ਮੈਂਬਰ ਨਹੀਂ ਹੈ। ਰੀਪੋਰਟ ਮੁਤਾਬਕ ਐਨ.ਡੀ.ਏ. ਦੇ ਸਹਿਯੋਗੀਆਂ ਤੋਂ ਸਿਰਫ 0.9 ਫੀ ਸਦੀ ਮੁਸਲਮਾਨ ਅਤੇ 0.2 ਫੀ ਸਦੀ ਈਸਾਈ ਚੋਣ ਮੈਦਾਨ ’ਚ ਸਨ ਪਰ ਕੋਈ ਵੀ ਜਿੱਤ ਨਹੀਂ ਸਕਿਆ। ਇਸ ਸੂਚੀ ’ਚ 0.2 ਫ਼ੀ ਸਦੀ ਅਤੇ 0.4 ਫ਼ੀ ਸਦੀ ਸਿੱਖ ਅਤੇ ਬੋਧੀ ਸ਼ਾਮਲ ਸਨ। ਉਹ ਇਸ ਵਾਰ ਵੀ ਨਹੀਂ ਜਿੱਤ ਸਕੇ।
Not a single Muslim, Christian, Sikh, or Buddhist MP among the newly elected NDA MPs in the Lok Sabha.
— Manickam Tagore .B??மாணிக்கம் தாகூர்.ப (@manickamtagore) June 7, 2024
Diversity and representation are crucial for a true democracy.
Uncleji won’t allow an inclusive India. Imagine the impact. #InclusiveIndia #LokSabhaElections pic.twitter.com/ixcdsXRXgf
ਟੈਗੋਰ ਨੇ ਕਿਹਾ, ‘‘ਸੱਚੇ ਲੋਕਤੰਤਰ ਦੀ ਨਿਰੰਤਰਤਾ ਲਈ ਧਾਰਮਕ ਵੰਨ-ਸੁਵੰਨਤਾ ਦੀ ਨੁਮਾਇੰਦਗੀ ਮਹੱਤਵਪੂਰਨ ਹੈ। ਪਰ ‘ਅੰਕਲ ਜੀ’ ਅਜਿਹਾ ਨਹੀਂ ਹੋਣ ਦੇਣਗੇ। ਕਲਪਨਾ ਕਰੋ ਕਿ ਇਹ ਰਵੱਈਆ ਦੇਸ਼ ਦੇ ਲੋਕਤੰਤਰ ਨੂੰ ਕਿੰਨਾ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦਾ ਹੈ।’’
ਘੱਟ ਗਿਣਤੀ ਰਹਿਤ ਮੋਦੀ ਸਰਕਾਰ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਨੇ ਦਾਅਵਾ ਕੀਤਾ ਕਿ ਅਜਿਹਾ ਨਹੀਂ ਹੈ ਕਿ NDA ਦੇ ਹੋਰ ਸਹਿਯੋਗੀਆਂ ਨੇ ਘੱਟ ਗਿਣਤੀ ਭਾਈਚਾਰਿਆਂ ਤੋਂ ਉਮੀਦਵਾਰ ਨਹੀਂ ਖੜ੍ਹੇ ਕੀਤੇ ਹਨ। ਪਰ NDA ਦੇ ‘ਵੱਡੇ ਭਰਾ’ ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ ਹੈ। ਨਤੀਜੇ ਵਜੋਂ ਇਸ ਵਾਰ ਕੋਈ ਵੀ ਪਾਰਟੀ ਇਕ ਵੀ ਘੱਟ ਗਿਣਤੀ ਸੰਸਦ ਮੈਂਬਰ ਨਹੀਂ ਜਿੱਤ ਸਕੀ ਹੈ।
ਦੂਜੇ ਪਾਸੇ ‘ਇੰਡੀਆ’ ਗਠਜੋੜ ਦੇ ਮਾਮਲੇ ’ਚ ਇਸ ਵਾਰ ਭਾਰਤ ’ਚ ਸਿਰਫ 12.4 ਫੀ ਸਦੀ ਸੰਸਦ ਮੈਂਬਰ ਉੱਚ ਜਾਤੀਆਂ ਤੋਂ ਰਹੇ ਹਨ। ਮੱਧ ਜਾਤੀਆਂ (ਮਰਾਠਾ, ਜਾਟ, ਲਿੰਗਾਇਤ, ਪਾਟੀਦਾਰ, ਰੈੱਡੀ, ਵੋਕਲਿੰਗਾ) ਅਤੇ ਓ.ਬੀ.ਸੀ. (ਯਾਦਵ, ਕੁਰਮੀ) 42.6 ਫ਼ੀ ਸਦੀ ਸੰਸਦ ਮੈਂਬਰ ਹਨ। ਅਨੁਸੂਚਿਤ ਜਾਤੀਆਂ ਦੇ ਸੰਸਦ ਮੈਂਬਰ 17.8 ਫ਼ੀ ਸਦੀ, ਅਨੁਸੂਚਿਤ ਕਬੀਲੇ 9.9 ਫ਼ੀ ਸਦੀ, ਮੁਸਲਮਾਨ 7.9 ਫ਼ੀ ਸਦੀ, ਈਸਾਈ 3.5 ਫ਼ੀ ਸਦੀ, ਸਿੱਖ 5 ਫ਼ੀ ਸਦੀ ਅਤੇ ਹੋਰ 1 ਫ਼ੀ ਸਦੀ ਹਨ।