Delhi News : ਰਾਹੁਲ ਗਾਂਧੀ ਨੇ ਬਿਹਾਰ ਚੋਣਾਂ ’ਤੇ ਮਹਾਰਾਸ਼ਟਰ ਵਾਂਗ ‘ਫ਼ਿਕਸ’ ਹੋਣ ਦਾ ਦੋਸ਼ ਲਾਇਆ

By : BALJINDERK

Published : Jun 7, 2025, 7:11 pm IST
Updated : Jun 7, 2025, 7:11 pm IST
SHARE ARTICLE
Rahul Gandhi
Rahul Gandhi

Delhi News : ਭਾਜਪਾ ਨੇ ਪ੍ਰਗਟਾਈ ਸਖ਼ਤ ਪ੍ਰਤੀਕਿਰਿਆ

Delhi News in Punjabi : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲੋਕਤੰਤਰ ’ਚ ਹੇਰਾਫੇਰੀ ਦਾ ਖਾਕਾ ਸਨ। ਇਸ ’ਤੇ ਭਾਰਤੀ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਅਤੇ ਉਨ੍ਹਾਂ ਨੇ ਕਾਂਗਰਸ ਆਗੂ ’ਤੇ ਚੋਣਾਂ ’ਚ ਹਾਰ ਦੀ ਨਿਰਾਸ਼ਾ ’ਚ ‘ਅਜੀਬੋ-ਗ਼ਰੀਬ ਸਾਜ਼ਸ਼ਾਂ ਦੀਆਂ ਕਹਾਣੀਆਂ’ ਬਣਾਉਣ ਦਾ ਦੋਸ਼ ਲਾਇਆ। 

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇੰਡੀਅਨ ਐਕਸਪ੍ਰੈਸ ’ਚ ਛਪੇ ਅਪਣੇ ਇਕ ਲੇਖ ’ਚ ਦੋਸ਼ ਲਾਇਆ ਕਿ ਇਹ ਚੋਣ ‘ਮੈਚ ਫਿਕਸਿੰਗ’ ਅਗਲੀ ਵਾਰ ਬਿਹਾਰ ਚੋਣਾਂ ’ਚ ਅਤੇ ‘ਜਿੱਥੇ ਵੀ ਭਾਜਪਾ ਹਾਰ ਰਹੀ ਹੈ’ ’ਚ ਹੋਵੇਗੀ। 

‘ਐਕਸ’ ’ਤੇ ਇਕ ਪੋਸਟ ਵਿਚ ਉਨ੍ਹਾਂ ਨੇ ਕਿਹਾ, ‘‘ਮੇਰਾ ਲੇਖ ਦਰਸਾਉਂਦਾ ਹੈ ਕਿ ਇਹ ਕਿਵੇਂ ਹੋਇਆ, ਕਦਮ-ਦਰ-ਕਦਮ: ਕਦਮ 1: ਚੋਣ ਕਮਿਸ਼ਨ ਦੀ ਨਿਯੁਕਤੀ ਲਈ ਪੈਨਲ ਵਿਚ ਹੇਰਾਫੇਰੀ ਕਰਨਾ। ਕਦਮ 2: ਜਾਅਲੀ ਵੋਟਰਾਂ ਨੂੰ ਸੂਚੀ ’ਚ ਸ਼ਾਮਲ ਕਰੋ। ਕਦਮ 3: ਵੋਟਰਾਂ ਦੀ ਗਿਣਤੀ ਵਧਾਓ। ਕਦਮ 4: ਜਾਅਲੀ ਵੋਟਿੰਗ ਨੂੰ ਨਿਸ਼ਾਨਾ ਬਣਾਓ ਜਿੱਥੇ ਭਾਜਪਾ ਨੂੰ ਜਿੱਤਣ ਦੀ ਜ਼ਰੂਰਤ ਹੈ। ਕਦਮ 5: ਸਬੂਤ ਲੁਕਾਓ।’’

ਹਾਲਾਂਕਿ ਨੱਢਾ ਨੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦਾ ਲੇਖ ਝੂਠੀਆਂ ਕਹਾਣੀਆਂ ਘੜਨ ਦਾ ਖਾਕਾ ਹੈ ਕਿਉਂਕਿ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਚੋਣਾਂ ਹਾਰਨ ਦਾ ਦੁੱਖ ਅਤੇ ਨਿਰਾਸ਼ਾ ਹੈ। ਉਨ੍ਹਾਂ ਕਿਹਾ, ‘‘ਉਹ ਕਦਮ-ਦਰ-ਕਦਮ ਇਸ ਤਰ੍ਹਾਂ ਇਹ ਕਰਦੇ ਹਨ। ਕਦਮ 1: ਕਾਂਗਰਸ ਪਾਰਟੀ ਅਪਣੀਆਂ ਹਰਕਤਾਂ ਕਾਰਨ ਚੋਣਾਂ ਤੋਂ ਬਾਅਦ ਚੋਣਾਂ ’ਚ ਹਾਰ ਜਾਂਦੀ ਹੈ। ਕਦਮ 2: ਆਤਮ-ਨਿਰੀਖਣ ਕਰਨ ਦੀ ਬਜਾਏ, ਉਹ ਅਜੀਬ ਸਾਜ਼ਸ਼ਾਂ ਰਚਦੇ ਹਨ ਅਤੇ ਧਾਂਦਲੀ ਦਾ ਰੋਣਾ ਰੋਂਦੇ ਹਨ। ਕਦਮ 3: ਸਾਰੇ ਤੱਥਾਂ ਅਤੇ ਅੰਕੜਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਕਦਮ 4: ਬਗੈਰ ਕਿਸੇ ਸਬੂਤ ਤੋਂ ਸੰਸਥਾਵਾਂ ਨੂੰ ਬਦਨਾਮ ਕਰਨਾ।’’

ਉਨ੍ਹਾਂ ਨੇ ਅੱਗੇ ਕਿਹਾ, ‘‘ਕਦਮ 5: ਤੱਥਾਂ ’ਤੇ ਸੁਰਖੀਆਂ ਦੀ ਉਮੀਦ। ਵਾਰ-ਵਾਰ ਬੇਨਕਾਬ ਹੋਣ ਦੇ ਬਾਵਜੂਦ ਉਹ ਬੇਸ਼ਰਮੀ ਨਾਲ ਝੂਠ ਬੋਲਦੇ ਰਹਿੰਦੇ ਹਨ। ਅਤੇ ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਬਿਹਾਰ ’ਚ ਹਾਰ ਨਿਸ਼ਚਿਤ ਹੈ।’’ ਨੱਢਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਤੰਤਰ ਨੂੰ ਡਰਾਮੇ ਦੀ ਲੋੜ ਨਹੀਂ ਹੈ ਅਤੇ ਇਸ ਨੂੰ ਸੱਚਾਈ ਦੀ ਲੋੜ ਹੈ। 

ਰਾਹੁਲ ਗਾਂਧੀ ਨੇ ਕਿਹਾ ਸੀ ਕਿ ‘ਫ਼ਿਕਸ’ ਚੋਣਾਂ ਕਿਸੇ ਵੀ ਲੋਕਤੰਤਰ ਲਈ ਜ਼ਹਿਰ ਹੁੰਦੀਆਂ ਹਨ ਅਤੇ ਧੋਖਾ ਦੇਣ ਵਾਲਾ ਪੱਖ ਖੇਡ ਜਿੱਤ ਸਕਦਾ ਹੈ, ਇਸ ਨਾਲ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਤਬਾਹ ਹੁੰਦਾ ਹੈ। ਅਪਣੇ ਲੇਖ ਵਿਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੋਟਰਾਂ ਦੀ ਗਿਣਤੀ ਦੇ ਅੰਕੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। 

ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ ਰਜਿਸਟਰਡ ਵੋਟਰਾਂ ਦੀ ਗਿਣਤੀ 8.98 ਕਰੋੜ ਸੀ, ਜੋ ਪੰਜ ਸਾਲ ਬਾਅਦ ਮਈ 2024 ਦੀਆਂ ਲੋਕ ਸਭਾ ਚੋਣਾਂ ਲਈ ਵਧ ਕੇ 9.29 ਕਰੋੜ ਹੋ ਗਈ। ਪਰ ਸਿਰਫ ਪੰਜ ਮਹੀਨੇ ਬਾਅਦ, ਨਵੰਬਰ 2024 ਦੀਆਂ ਵਿਧਾਨ ਸਭਾ ਚੋਣਾਂ ਤਕ ਇਹ ਗਿਣਤੀ ਵਧ ਕੇ 9.70 ਕਰੋੜ ਹੋ ਗਈ ਸੀ। ਪੰਜ ਸਾਲਾਂ ’ਚ 31 ਲੱਖ ਦਾ ਅੰਕੜਾ ਅਤੇ ਫਿਰ ਸਿਰਫ 5 ਮਹੀਨਿਆਂ ’ਚ 41 ਲੱਖ ਦਾ ਵਾਧਾ।’’

ਉਨ੍ਹਾਂ ਨੇ ਅਪਣੇ ਲੇਖ ’ਚ ਕਿਹਾ ਕਿ ਇਹ ਛਾਲ ਇੰਨੀ ਹੈਰਾਨੀਜਨਕ ਸੀ ਕਿ ਸਰਕਾਰ ਦੇ ਅਪਣੇ ਅਨੁਮਾਨਾਂ ਮੁਤਾਬਕ ਕੁਲ 9.70 ਕਰੋੜ ਰਜਿਸਟਰਡ ਵੋਟਰ ਮਹਾਰਾਸ਼ਟਰ ਦੇ 9.54 ਕਰੋੜ ਬਾਲਗਾਂ ਨਾਲੋਂ ਵੀ ਜ਼ਿਆਦਾ ਹਨ। 

ਵੋਟਿੰਗ ਵਾਲੇ ਦਿਨ ਵੋਟਰਾਂ ਦੀ ਗਿਣਤੀ ’ਚ ਵਾਧੇ ਵਲ ਇਸ਼ਾਰਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਸ਼ਾਮ 5 ਵਜੇ ਤਕ 58.22 ਫੀ ਸਦੀ ਵੋਟਿੰਗ ਹੋਈ। ਹਾਲਾਂਕਿ, ਵੋਟਿੰਗ ਖਤਮ ਹੋਣ ਤੋਂ ਬਾਅਦ ਵੀ ਵੋਟਿੰਗ ਵਧਦੀ ਗਈ। ਅਗਲੀ ਸਵੇਰ ਹੀ 66.05 ਫੀ ਸਦੀ ਵੋਟਿੰਗ ਹੋਈ। ਉਨ੍ਹਾਂ ਕਿਹਾ ਕਿ 7.83 ਫੀ ਸਦੀ ਦਾ ਵਾਧਾ 76 ਲੱਖ ਵੋਟਰਾਂ ਦੇ ਬਰਾਬਰ ਹੈ, ਜੋ ਮਹਾਰਾਸ਼ਟਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਕਿਤੇ ਜ਼ਿਆਦਾ ਹੈ। 

ਉਨ੍ਹਾਂ ਨੇ ਸੂਬੇ ਦੇ 85 ਵਿਧਾਨ ਸਭਾ ਹਲਕਿਆਂ ਦੇ ਸਿਰਫ 12,000 ਬੂਥਾਂ ’ਤੇ ਨਵੇਂ ਵੋਟਰਾਂ ਦੇ ਸ਼ਾਮਲ ਹੋਣ ਦਾ ਵੀ ਜ਼ਿਕਰ ਕੀਤਾ, ਜਿੱਥੇ ਭਾਜਪਾ ਨੇ ਆਖਰਕਾਰ ਜਿੱਤ ਹਾਸਲ ਕੀਤੀ। 

ਇਸ ਦੇ ਜਵਾਬ ’ਚ ਨੱਢਾ ਨੇ ਪੋਰਟਲ ‘ਓਪਇੰਡੀਆ’ ’ਤੇ ਇਕ ਲੇਖ ਸਾਂਝਾ ਕੀਤਾ, ਜਿਸ ’ਚ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿਤਾ ਗਿਆ ਹੈ। ਭਾਜਪਾ ਨੇ ਰਾਹੁਲ ਗਾਂਧੀ ’ਤੇ ਚੋਣ ਪ੍ਰਕਿਰਿਆ ’ਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਲਈ ਲੋਕਤੰਤਰੀ ਸੰਸਥਾਵਾਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ’ਚ ਅਪਣੀ ਪਾਰਟੀ ਦੀ ਹਾਰ ਨੂੰ ਰੋਕਣ ਲਈ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਜਨਤਾ ਦਾ ਸਮਰਥਨ ਹਾਸਲ ਨਹੀਂ ਕਰ ਸਕਦੇ। 

ਭਾਜਪਾ ਦੇ ਕੌਮੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਂਗਰਸ ਨੇਤਾ ਸੋਚੀ ਸਮਝੀ ਸਾਜ਼ਸ਼ ਤਹਿਤ ਲੋਕਤੰਤਰੀ ਸੰਸਥਾਵਾਂ ’ਤੇ ਹਮਲਾ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। 

ਭੰਡਾਰੀ ਨੇ ਦੋਸ਼ ਲਾਇਆ ਕਿ ਰਾਹੁਲ ਗਾਂਧੀ ਚੋਣ ਪ੍ਰਕਿਰਿਆ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਅਪਣੀ ਪਾਰਟੀ ਦੇ ਹੱਕ ਵਿਚ ਜਨਤਾ ਦਾ ਸਮਰਥਨ ਹਾਸਲ ਕਰਨ ਵਿਚ ਅਸਮਰੱਥ ਹਨ। 

ਰਾਹੁਲ ਗਾਂਧੀ ਦੇ ਦੋਸ਼ਾਂ ਦੀ ਆਲੋਚਨਾ ਕਰਦੇ ਹੋਏ ਭਾਜਪਾ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਾਂਗਰਸ ਨੇਤਾ ’ਤੇ ਦੋਸ਼ ਲਾਇਆ ਕਿ ਉਹ ਜਾਣਬੁਝ ਕੇ ਚੋਣ ਪ੍ਰਕਿਰਿਆ ਨੂੰ ਲੈ ਕੇ ਵੋਟਰਾਂ ਦੇ ਮਨਾਂ ’ਚ ਸ਼ੱਕ ਅਤੇ ਮਤਭੇਦ ਦੇ ਬੀਜ ਬੀਜਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕਰ ਰਹੇ ਹਨ। 

(For more news apart from Rahul Gandhi accuses Bihar elections being 'fixed' like Maharashtra  News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement