
ਸੁਰੱਖਿਆ ਸਲਾਹਕਾਰ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਨੇ ਕੀਤੀ ਗੱਲਬਾਤ
ਨਵੀਂ ਦਿੱਲੀ, 6 ਜੁਲਾਈ : ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਟੈਲੀਫ਼ੋਨ 'ਤੇ ਗੱਲਬਾਤ ਕੀਤੀ ਜਿਸ ਵਿਚ ਉਹ ਅਸਲ ਕੰਟਰੋਲ ਰੇਖਾ ਤੋਂ ਫ਼ੌਜੀਆਂ ਦੇ ਛੇਤੀ ਤੋਂ ਛੇਤੀ ਪਿੱਛੇ ਹਟਣ 'ਤੇ ਸਹਿਮਤ ਹੋ ਗਏ। ਡੋਭਾਲ ਅਤੇ ਵਾਂਗ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਗੱਲਬਾਤ ਨਾਲ ਸਬੰਧਤ ਵਿਸ਼ੇਸ਼ ਪ੍ਰਤੀਨਿਧ ਹਨ।
File Photo
ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਇਸ ਗੱਲਬਾਤ ਨੂੰ ਖੁਲ੍ਹੀ ਅਤੇ ਵਿਚਾਰਾਂ ਦਾ ਵਿਆਪਕ ਆਦਾਨ-ਪ੍ਰਦਾਨ ਕਰਾਰ ਦਿਤਾ ਅਤੇ ਕਿਹਾ ਕਿ ਡੋਭਾਲ ਅਤੇ ਵਾਂਗ ਇਸ ਗੱਲ 'ਤੇ ਸਹਿਮਤ ਹੋਏ ਕਿ ਦੋਹਾਂ ਧਿਰਾਂ ਨੂੰ ਐਲਏਸੀ ਤੋਂ ਫ਼ੌਜੀਆਂ ਦੇ ਪਿੱਛੇ ਹਟਣ ਦੀ ਕਵਾਇਦ ਨੂੰ ਤੇਜ਼ੀ ਨਾਲ ਪੂਰਾ ਕਰਨਾ ਚਾਹੀਦਾ ਹੈ। ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਪੈਂਗੋਂਗ ਸੋ, ਗਲਵਾਨ ਘਾਟੀ ਅਤੇ ਗ੍ਰੋਗਾ ਹਾਟ ਸਪਰਿੰਗ ਸਣੇ ਪੂਰਬੀ ਲਦਾਖ਼ ਦੇ ਕਈ ਇਲਾਕਿਆਂ ਵਿਚ ਅੱਠ ਹਫ਼ਤਿਆਂ ਤੋਂ ਰੇੜਕਾ ਜਾਰੀ ਹੈ।
ਚੀਨੀ ਫ਼ੌਜ ਨੇ ਗਲਵਾਨ ਘਾਟੀ ਅਤੇ ਗ੍ਰੋਗਾ ਹਾਟ ਸਪਰਿੰਗ ਤੋਂ ਸੋਮਵਾਰ ਨੂੰ ਅਪਣੇ ਫ਼ੌਜੀਆਂ ਦੀ ਵਾਪਸੀ ਸ਼ੁਰੂ ਕਰ ਦਿਤੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਕਿ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਲਈ ਅਸਲ ਕੰਟਰੋਲ ਰੇਖਾ ਤੋਂ ਫ਼ੌਜੀਆਂ ਦਾ ਪੂਰੀ ਤਰ੍ਹਾਂ ਪਿੱਛੇ ਹਟਣਾ ਅਤੇ ਸਰਹੱਦੀ ਖੇਤਰਾਂ ਵਿਚ ਤਣਾਅ ਵਿਚ ਕਮੀ ਯਕੀਨੀ ਕਰਨਾ ਜ਼ਰੂਰੀ ਹੈ। ਕਿਹਾ ਗਿਆ ਕਿ ਡੋਭਾਲ ਅਤੇ ਵਾਂਗ ਇਸ ਗੱਲ 'ਤੇ ਸਹਿਮਤ ਹੋਏ ਕਿ ਦੋਹਾਂ ਧਿਰਾਂ ਨੂੰ ਐਲਏਸੀ ਤੋਂ ਪਿੱਛੇ ਹਟਣ ਦੀ ਜਾਰੀ ਕਵਾਇਦ ਨੂੰ ਤੇਜ਼ੀ ਨਾਲ ਪੂਰਾ ਕਰਨਾ ਚਾਹੀਦਾ ਹੈ ਅਤੇ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਤਣਾਅ ਘੱਟ ਕਰਨ ਲਈ ਦੋਹਾਂ ਧਿਰਾਂ ਨੂੰ ਪੜਾਅਵਾਰ ਢੰਗ ਨਾਲ ਕਾਰਵਾਈ ਯਕੀਨੀ ਕਰਨੀ ਚਾਹੀਦੀ ਹੈ।
File Photo
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡੋਭਾਲ ਅਤੇ ਵਾਂਗ ਨੇ ਦੁਹਰਾਇਆ ਕਿ ਦੋਹਾਂ ਧਿਰਾਂ ਨੂੰ ਐਲਏਸੀ ਦਾ ਪੂਰਾ ਸਨਮਾਨ ਅਤੇ ਇਸ ਦੀ ਸਖ਼ਤ ਪਾਲਣਾ ਯਕੀਨੀ ਕਰਨਾ ਚਾਹੀਦੀ ਹੈ ਅਤੇ ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਇਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ ਅਤੇ ਭਵਿੱਖ ਵਿਚ ਅਜਿਹੀ ਕਿਸੇ ਘਟਨਾ ਤੋਂ ਬਚਣਾ ਚਾਹੀਦਾ ਹੈ। ਚੀਨੀ ਫ਼ੌਜ ਨਾਲ ਤਾਜ਼ਾ ਝੜਪ ਵਿਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗÂੈ ਸਨ। ਝੜਪ ਵਿਚ ਚੀਨੀ ਫ਼ੌਜ ਨੂੰ ਵੀ ਨੁਕਸਾਨ ਪੁੱਜਣ ਦੀਆਂ ਖ਼ਬਰਾਂ ਹਨ। (ਏਜੰਸੀ)