
ਕਾਂਗਰਸ ਨੇ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਰੇੜਕੇ ਵਿਚਾਲੇ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਲਈ ਬਣੀ ਸਹਿਮਤੀ 'ਤੇ ਸਵਾਲ ਕੀਤਾ
ਨਵੀਂ ਦਿੱਲੀ, 6 ਜੁਲਾਈ : ਕਾਂਗਰਸ ਨੇ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਰੇੜਕੇ ਵਿਚਾਲੇ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਲਈ ਬਣੀ ਸਹਿਮਤੀ 'ਤੇ ਸਵਾਲ ਕੀਤਾ ਅਤੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਬਪਾਰਟੀ ਬੈਠਕ ਸਮੇਂ ਦਿਤਾ ਅਪਣਾ ਬਿਆਨ ਵਾਪਸ ਲੈਣਗੇ ਅਤੇ ਮਾਫ਼ੀ ਮੰਗਣਗੇ ਕਿ ਭਾਰਤੀ ਸਰਹੱਦ ਵਿਚ ਕੋਈ ਨਹੀਂ ਵੜਿਆ? ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦਸਣਾ ਚਾਹੀਦਾ ਹੈ ਕਿ ਚੀਨ ਕਿੰਨੇ ਕਿਲੋਮੀਟਰ ਅਤੇ ਕਿੰਨਾ ਪਿੱਛੇ ਹਟਿਆ ਹੈ ਅਤੇ ਹੁਣ ਕਿਹੜੇ ਇਲਾਕਿਆਂ ਵਿਚ ਉਸ ਦੀ ਘੁਸਪੈਠ ਹੈ?
File Photo
ਕਾਂਗਰਸ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਗਲਵਾਨ ਘਾਟੀ ਤੋਂ ਚੀਨੀ ਫ਼ੌਜੀਆਂ ਦਾ ਪਿੱਛੇ ਹਟਣਾ ਸਵਾਗਤ ਯੋਗ ਕਦਮ ਹੈ ਪਰ ਭਾਰਤ ਸਰਕਾਰ ਨੂੰ ਚੀਨ ਨੂੰ ਪੇਗੋਂਗ ਇਲਾਕੇ ਤੋਂ ਪਿੱਛੇ ਹਟਾਉਣ 'ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਸਰਹੱਦ 'ਤੇ ਸਖ਼ਤ ਚੌਕਸੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਰਹੱਦ 'ਤੇ ਸ਼ਾਂਤੀ ਅਤੇ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ ਮੁੜ ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਹੈ।
ਪਵਨ ਖੇੜਾ ਨੇ ਕਿਹਾ, 'ਹੁਣ, ਪ੍ਰਧਾਨ ਮੰਤਰੀ ਨੂੰ ਅਸੀਂ ਇਹ ਪੁਛਣਾ ਚਾਹੁੰਦੇ ਹਾਂ ਕਿ ਉਹ ਦੇਸ਼ ਕੋਲੋਂ ਮਾਫ਼ੀ ਮੰਗਣਗੇ ਅਤੇ ਕਹਿਣਗੇ ਕਿ ਹਾਂ, ਮੇਰੇ ਕੋਲੋਂ ਗ਼ਲਤੀ ਹੋਈ ਹੈ, ਮੈਂ ਇਹ ਗ਼ਲਤ ਬਿਆਨਬਾਜ਼ੀ ਕੀਤੀ ਸੀ? ਉਨ੍ਹਾਂ ਦਾਅਵਾ ਕੀਤਾ, 'ਹੁਣ ਜੇ ਚੀਨ ਦੇ ਫ਼ੌਜੀ ਪਿੱਛੇ ਹਟ ਰਹੇ ਹਨ ਤਾਂ ਸਾਬਤ ਹੋਇਆ ਕਿ ਉਹ ਸਾਡੀ ਸਰਹੱਦ ਵਿਚ ਆਏ ਸਨ। ਪ੍ਰਧਾਨ ਮੰਤਰੀ ਦੇ ਬਿਆਨ ਨੂੰ ਚੀਨ ਨੇ ਅਪਣੇ ਲਈ ਕਲੀਨ ਚਿੱਟ ਵਾਂਗ ਵਰਤਿਆ। ਸਾਡੀ ਕੂਟਨੀਤਕ ਮਿਹਨਤ ਨੂੰ ਨੁਕਸਾਨ ਪੁੱਜਾ।' (ਏਜੰਸੀ)