
ਘਰ ਵਿਚ ਨਾ ਹੋਣ ਕਾਰਨ ਵੱਡੇ ਪੁੱਤਰ ਦੀ ਬਚੀ ਜਾਨ
ਬੀਕਾਨੇਰ : ਇਥੇ ਇਕ ਔਰਤ ਨੇ ਅਪਣੇ ਤਿੰਨ ਬੱਚਿਆਂ ਸਮੇਤ ਪਾਣੀ ਵਾਲੇ ਟੈਂਕ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹਾਦਸੇ ਦੌਰਾਨ ਘਰ ਦੇ ਸਾਰੇ ਲੋਕ ਖੇਤ 'ਚ ਕੰਮ 'ਤੇ ਗਏ ਹੋਏ ਸਨ। ਸ਼ਾਮ ਨੂੰ ਜਦੋਂ ਉਹ ਵਾਪਸ ਤਾਂ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ। ਘਟਨਾ ਬੀਕਾਨੇਰ ਦੇ ਪਾਂਚੂ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਸਵਰੂਪਸਰ 'ਚ ਵੀਰਵਾਰ ਸ਼ਾਮ 5 ਵਜੇ ਵਾਪਰੀ। ਹਾਦਸੇ ਵਿਚ ਮਾਂ ਸਮੇਤ ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਦੀ ਮੌਤ ਹੋ ਗਈ। ਔਰਤ ਦੇ ਸਹੁਰੇ ਕੇਸ਼ੂਰਾਮ ਮੇਘਵਾਲ ਨੇ ਦਸਿਆ ਕਿ ਇਸ ਹਾਦਸੇ ਵਿਚ ਨੂੰਹ ਨੈਨੀ ਦੇਵੀ (32) ਪਤਨੀ ਗੋਪੀਰਾਮ ਅਤੇ ਉਸ ਦੀਆਂ ਧੀਆਂ ਪੂਜਾ (7), ਉਰਮਿਲਾ (50) ਅਤੇ ਪੁੱਤਰ ਭਾਵੇਸ਼ (1) ਦੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਦਸਿਆ ਕਿ ਉਸ ਦੀ ਨੂੰਹ ਨੇ ਬੱਚਿਆਂ ਸਮੇਤ ਟੈਂਕ ਵਿਚ ਛਾਲ ਮਾਰ ਦਿਤੀ ਹੈ।
ਪਾਂਚੂ ਦੇ ਐਸ.ਐਚ.ਓ. ਮਨੋਜ ਕੁਮਾਰ ਯਾਦਵ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਗੋਪੀਰਾਮ ਅਪਣੀ ਪਤਨੀ ਨੈਨੀ ਦੇਵੀ ਅਤੇ ਬੱਚਿਆਂ ਨਾਲ ਸਵਰੂਪਸਰ ਪਿੰਡ ਦੇ ਰੋਹੀ ਵਿਚ ਖੇਤ ਵਿਚ ਢਾਣੀ 'ਤੇ ਰਹਿੰਦਾ ਹੈ। ਪ੍ਰਵਾਰ ਵਿਚ ਕਲੇਸ਼ ਚੱਲ ਰਿਹਾ ਸੀ। ਵੀਰਵਾਰ ਨੂੰ ਘਰ ਦੇ ਸਾਰੇ ਮੈਂਬਰ ਖੇਤ ਵਾਹੁਣ ਗਏ ਹੋਏ ਸਨ। ਨੈਨੀ ਦੇਵੀ ਨੇ ਆਪਣੀਆਂ ਦੋ ਧੀਆਂ ਅਤੇ ਇਕ ਪੁੱਤਰ ਨਾਲ ਪਾਣੀ ਵਾਲੇ ਟੈਂਕ ਵਿਚ ਛਾਲ ਮਾਰ ਦਿਤੀ।
ਘਟਨਾ ਦੀ ਸੂਚਨਾ ਸ਼ਾਮ ਪੰਜ ਵਜੇ ਮਿਲੀ ਤਾਂ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਦੇਹਾਂ ਨੂੰ ਪਾਂਚੂ ਸਥਿਤ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਘਟਨਾ ਬਾਰੇ ਪਤਾ ਲੱਗਣ ਮਗਰੋਂ ਜਦੋਂ ਪ੍ਰਵਾਰ ਪਿੰਡ ਵਾਸੀਆਂ ਸਮੇਤ ਮੌਕੇ 'ਤੇ ਪਹੁੰਚਿਆ ਤਾਂ ਚਾਰਾਂ ਦੀਆਂ ਲਾਸ਼ਾਂ ਪਾਣੀ ਦੇ ਹੇਠਾਂ ਚਿੱਕੜ 'ਚ ਫਸੀਆਂ ਹੋਈਆਂ ਸਨ। ਮੀਂਹ ਕਾਰਨ ਗੋਪੀਰਾਮ ਦੇ ਖੇਤ ਵਿਚ ਬਣਿਆ ਟੈਂਕ ਮੀਂਹ ਦੇ ਪਾਣੀ ਨਾਲ ਭਰਿਆ ਹੋਇਆ ਸੀ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਮਾਮਲਾ : ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ
ਇਸ ਕਾਰਨ ਤਿੰਨਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਨੈਨੀ ਦੇਵੀ ਨੂੰ ਸਭ ਤੋਂ ਪਹਿਲਾਂ ਬਾਹਰ ਕਢਿਆ ਗਿਆ ਅਤੇ ਬਾਅਦ ਵਿਚ ਉਸ ਦਾ ਇਕ ਸਾਲ ਦਾ ਬੇਟਾ, ਉਦੋਂ ਤਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪਾਣੀ ਜ਼ਿਆਦਾ ਹੋਣ ਕਾਰਨ ਜਨਰੇਟਰ ਪੰਪ ਦਾ ਸਹਾਰਾ ਲੈਣਾ ਪਿਆ। ਇਸ ਤੋਂ ਬਾਅਦ ਪੂਜਾ ਅਤੇ ਉਰਮਿਲਾ ਦੀਆਂ ਲਾਸ਼ਾਂ ਨੂੰ ਬਾਹਰ ਕਢਿਆ ਪਰ ਉਦੋਂ ਤਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋ ਦਿਨ ਪਹਿਲਾਂ ਵੀ ਪਤੀ-ਪਤਨੀ ਵਿਚਾਲੇ ਝਗੜਾ ਹੋਇਆ ਸੀ। ਮ੍ਰਿਤਕਾ ਦਾ ਪਤੀ ਸ਼ਰਾਬ ਦਾ ਆਦੀ ਹੈ। ਵੀਰਵਾਰ ਸਵੇਰੇ ਵੀ ਝਗੜਾ ਹੋਇਆ ਸੀ। ਇਸ ਤੋਂ ਬਾਅਦ ਪ੍ਰਵਾਰਕ ਮੈਂਬਰ ਪੰਜ ਕਿਲੋਮੀਟਰ ਦੂਰ ਦੂਜੇ ਖੇਤ ਵਿਚ ਗਏ ਹੋਏ ਸਨ। ਨੈਨੀ ਦੇਵੀ ਦਾ ਵੱਡਾ ਪੁੱਤਰ ਪੁਖਰਾਜ ਵੀ ਉਨ੍ਹਾਂ ਦੇ ਨਾਲ ਗਿਆ, ਜਿਸ ਕਾਰਨ ਉਹ ਬਚ ਗਿਆ।