
ਪ੍ਰਯਾਗਰਾਜ ਮਹਾਂਕੁੰਭ ਤੋਂ ਪਹਿਲਾਂ ਜਾਰੀ ਹੋ ਸਕਦੀ ਹੈ ਜਾਅਲੀ ਸੰਤਾਂ ਦੀ ਸੂਚੀ
ਪ੍ਰਯਾਗਰਾਜ (ਉਤਰ ਪ੍ਰਦੇਸ਼): ਉਤਰ ਪ੍ਰਦੇਸ਼ ਦੇ ਹਾਥਰਸ ’ਚ ਸਤਿਸੰਗ ਸੁਣਨ ਆਏ 121 ਸ਼ਰਧਾਲੂਆਂ (ਜਿਨ੍ਹਾਂ ’ਚ 114 ਬੀਬੀਆਂ ਸਨ) ਦੀ ਭਗਦੜ ’ਚ ਮੌਤ ਤੋਂ ਬਾਅਦ ਹੁਣ ਜਾਅਲੀ ਸੰਤਾਂ ਦੀ ਖ਼ੈਰ ਨਹੀਂ ਜਾਪਦੀ। ਇਸ ਵੇਲੇ ਜਾਦੂ ਤੇ ਕੁਝ ਹੋਰ ਚਮਤਕਾਰ (ਜੋ ਜ਼ਿਆਦਾਤਰ ਵਿਗਿਆਨਕ ਹੀ ਹੁੰਦੇ ਹਨ) ਵਿਖਾ ਕੇ ਖ਼ੁਦ ਨੂੰ ‘ਸੰਤ’ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਸਿਖ਼ਰਾਂ ’ਤੇ ਹਨ। ਜਾਅਲੀ ਸੰਤਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਇਸੇ ਲਈ ‘ਆਲ ਇੰਡੀਆ ਅਖਾੜਾ ਪ੍ਰੀਸ਼ਦ’ ਹੁਣ ਇਸ ਮਾਮਲੇ ’ਚ ਕਾਰਵਾਈ ਕਰਨ ਦੀਆਂ ਤਿਆਰੀਆਂ ’ਚ ਹੈ। ਅਖਾੜਾ ਪ੍ਰੀਸ਼ਦ ਦੀ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ’ਚ ਜਾਅਲੀ ਸੰਤਾਂ ਦੇ ਨਾਂਅ ਜੱਗ-ਜ਼ਾਹਿਰ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਪ੍ਰਯਾਗਰਾਜ ਮਹਾਂਕੁੰਭ ਤੋਂ ਪਹਿਲਾਂ ਅਜਿਹੇ ਜਾਅਲੀ ਸੰਤਾਂ ਦੀ ਸੂਚੀ ਜਾਰੀ ਕਰੇਗਾ। ਇਸੇ ਲਈ ਪ੍ਰੀਸ਼ਦ ਵਲੋਂ ਅਜਿਹੇ ਸੰਤਾਂ ਦੀ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਪ੍ਰੀਸ਼ਦ ਦਾ ਮੰਨਣਾ ਹੈ ਕਿ ਅਜਿਹੇ ਜਾਅਲੀ ਸੰਤ ਹੀ ਅਸਲੀ ਸੰਤਾਂ ਦਾ ਨਾਂਅ ਬਦਨਾਮ ਕਰਦੇ ਹਨ।
ਸਿਆਸੀ ਹਲਕਿਆਂ ’ਚ ਅਜਿਹੀ ਚਰਚਾ ਵੀ ਚੱਲ ਰਹੀ ਹੈ ਕਿ ਜੇ ਇਹ ਸੂਚੀ ਜਾਰੀ ਕਰ ਦਿਤੀ ਗਈ, ਤਾਂ ਕਈ ਤਰ੍ਹਾਂ ਦੇ ਵਿਵਾਦ ਉਠਣਗੇ ਤੇ ਜਿਨ੍ਹਾਂ ਨੂੰ ‘ਜਾਅਲੀ ਸੰਤ’ ਕਰਾਰ ਦਿਤਾ ਜਾਵੇਗਾ, ਉਹ ਅਦਾਲਤਾਂ ਦਾ ਰੁਖ਼ ਵੀ ਕਰ ਸਕਦੇ ਹਨ।