
ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਉਹਨਾਂ ਕੋਲ 138 ਮੈਂਬਰਾਂ ਦੀ ਸੰਖਿਆ ਹੈ ਤੇ ਸਹਿਯੋਗੀ ਪਾਰਟੀਆਂ ਨਾਲ ਇਸ ਬਿੱਲ ਨੂੰ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ।
ਨਵੀਂ ਦਿੱਲੀ - ਦਿੱਲੀ ਸਰਵਿਸ ਬਿੱਲ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਅੱਜ ਰਾਜ ਸਭਾ ਵਿਚ ਵੀ ਪਾਸ ਕੀਤਾ ਜਾਵੇਗਾ। ਇਸ ਬਿੱਲ ਸਬੰਧੀ ਭਾਜਪਾ ਦੇ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਉਹਨਾਂ ਕੋਲ 138 ਮੈਂਬਰਾਂ ਦੀ ਸੰਖਿਆ ਹੈ ਤੇ ਸਹਿਯੋਗੀ ਪਾਰਟੀਆਂ ਨਾਲ ਇਸ ਬਿੱਲ ਨੂੰ ਪਾਸ ਕਰਨ ਵਿਚ ਕੋਈ ਦਿੱਕਤ ਨਹੀਂ ਆਵੇਗੀ।
ਪਵਾਰ ਨੇ ਕਿਹਾ ਇੰਡੀਆ ਮਹਾਨ ਤੇ ਦੇਸ਼ ਦਾ ਹਰ ਇਕ ਵਿਅਕਤੀ ਇਸ ਦਾ ਸਨਮਾਨ ਕਰਦਾ ਹੈ ਪਰ ਜਿਸ ਤਰ੍ਹਾਂ ਨਾਲ ਵਿਰੋਧੀ ਧਿਰ ਇੰਡੀਆ ਦਾ ਨਾਮ ਲੈ ਕੇ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤਾਂ ਲੋਕ ਸਭ ਜਾਣਦੇ ਹਨ ਕਿਸ ਨੇ ਉਹਨਾਂ ਲਈ ਕੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ 'ਤੇ ਜ਼ਿਆਦਾਤਰ ਕਾਂਗਰਸ ਨੇ ਹੀ ਰਾਜ ਕੀਤਾ ਪਰ ਕਦੇ ਵੀ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕੀਤਾ।
ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਦੇਸ਼ ਦੀ ਭਲਾਈ ਲਈ ਹੀ ਕੰਮ ਕੀਤਾ ਹੈ ਇਸ ਲਈ ਹੁਣ ਤੀਜੀ ਵਾਰ ਵੀ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਸਰਕਾਰ ਆਵੇਗੀ। ਆਮ ਆਦਮੀ ਪਾਰਟੀ ਦਾ ਵਿਰੋਧ ਕਰਨ 'ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਆਨਬਾਜ਼ੀ ਕਰਦੀ ਰਹਿੰਦੀ ਹੈ, ਸਭ ਤੋਂ ਪਹਿਲਾਂ ਕੇਜਰੀਵਾਲ ਹੀ ਇਕ ਮੁੱਦਾ ਹੈ, ਜਿਸ ਤਰ੍ਹਾਂ ਨਾਲ ਕਮੇਟੀ ਬਣਾਈ ਜਾ ਰਹੀ ਹੈ, ਉਸ ਵਿਚ ਪ੍ਰਮੁੱਖ ਸਕੱਤਰ, ਗ੍ਰਹਿ ਸਕੱਤਰ, ਮੁੱਖ ਸਕੱਤਰ ਹੋਣਗੇ ਅਤੇ ਅਧਿਕਾਰੀਆਂ ਦੀ ਚੋਣ ਅਤੇ ਤਾਇਨਾਤੀ ਬਹੁਮਤ ਅਤੇ ਤਬਾਦਲੇ ਦਾ ਅਧਿਕਾਰ ਕੰਮ ਕਰੇਗਾ।
ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰਨ 'ਤੇ ਕ੍ਰਿਸ਼ਨ ਪਵਾਰ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਕਾਨੂੰਨ ਮੁਤਾਬਕ ਉਨ੍ਹਾਂ ਦੀ ਮੈਂਬਰਸ਼ਿਪ ਖ਼ਤਮ ਕੀਤੀ ਗਈ ਸੀ ਅਤੇ ਅੱਜ ਬਹਾਲ ਕਰ ਦਿੱਤੀ ਗਈ ਹੈ, ਸਾਨੂੰ ਕਾਨੂੰਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਨੂਹ ਘਟਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਆਪਸ ਵਿਚ ਭਾਈਚਾਰਾ ਹੋਣਾ ਚਾਹੀਦਾ ਹੈ। ਕੋਈ ਵੀ ਹੋਵੇ ਤੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ ਤੇ ਉਹ ਕਿਸੇ ਵੀ ਜਗ੍ਹਾ ਮੱਥਾ ਟੇਕਣ ਜਾਵੇ, ਪੂਜਾ ਪਾਠ ਕਰੇ, ਉਸ ਵਿਚ ਅੜਿੱਕਾ ਪਾਉਣਾ ਗਲਤ ਗੱਲ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਅਪਣਾ ਕੰਮ ਕਰ ਰਹੀ ਹੈ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ।