
ਇਹ ਐਵਾਰਡ ਪਹਿਲਾਂ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ ਮਿਲ ਚੁੱਕਾ ਹੈ
ਨਵੀਂ ਦਿੱਲੀ - ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਗੌਤਮ ਅਡਾਨੀ ਨੂੰ ਅੱਜ ਸਵੇਰੇ 11:40 ਵਜੇ ਗਲੋਬਲ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਮਰੀਕਾ ਦੀ ਊਰਜਾ ਮੰਤਰੀ ਜੈਨੀਫਰ ਗ੍ਰੈਨਹੋਮ ਦੇ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਸੰਮੇਲਨ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਪੁਰਸਕਾਰ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਕਾਰੋਬਾਰੀਆਂ ਨੂੰ 2007 ਤੋਂ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਲਈ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਹ ਐਵਾਰਡ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਨੈਸਡੈਕ ਦੇ ਮੁਖੀ ਐਡੇਨਾ ਫਰੀਡਮੈਨ, ਫੈੱਡਐਕਸ ਕਾਰਪੋਰੇਸ਼ਨ ਦੇ ਮੁਖੀ ਫਰੇਡ ਸਮਿਥ ਅਤੇ ਕੋਟਕ ਮਹਿੰਦਰਾ ਬੈਂਕ ਦੇ ਮੁਖੀ ਉਦੈ ਕੋਟਕ ਨੂੰ ਦਿੱਤਾ ਜਾ ਚੁੱਕਾ ਹੈ।
ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਪਿਛਲੇ ਕੁਝ ਸਾਲਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਕਾਰਨ ਪਿਛਲੇ ਕੁਝ ਸਾਲਾਂ 'ਚ ਅਡਾਨੀ ਦੀ ਜਾਇਦਾਦ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਵਿਕਰੀ ਦੇ ਦੌਰ ਤੋਂ ਬਾਅਦ ਵੀ ਅਡਾਨੀ ਦੀ ਦੌਲਤ 'ਚ ਲਗਾਤਾਰ ਵਾਧਾ ਹੋਇਆ ਹੈ। ਸਾਲ 2022 ਅਡਾਨੀ ਲਈ ਬਹੁਤ ਵਧੀਆ ਸਾਲ ਸਾਬਤ ਹੋਇਆ ਹੈ। ਇਸ ਸਾਲ ਅਡਾਨੀ ਦੀ ਜਾਇਦਾਦ ਬਹੁਤ ਤੇਜ਼ ਰਫ਼ਤਾਰ ਨਾਲ ਵਧੀ ਹੈ। ਕਾਰੋਬਾਰੀ ਮੋਰਚੇ 'ਤੇ ਵੀ ਪਿਛਲੇ ਕੁਝ ਮਹੀਨੇ ਗੌਤਮ ਅਡਾਨੀ ਲਈ ਬਹੁਤ ਵਧੀਆ ਸਾਬਤ ਹੋਏ ਹਨ।
ਇਸ ਦੌਰਾਨ ਉਹਨਾਂ ਨੇ ਇਕ ਤੋਂ ਬਾਅਦ ਇਕ ਕਈ ਅਹਿਮ ਸੌਦੇ ਕੀਤੇ। ਮਈ ਵਿਚ, ਗੌਤਮ ਅਡਾਨੀ ਦੀ ਕੰਪਨੀ ਨੇ ਹੋਲਸਿਮ ਦੇ ਭਾਰਤੀ ਸੀਮਿੰਟ ਕਾਰੋਬਾਰ ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ। ਹਾਲੀਆ ਰਿਪੋਰਟ 'ਚ ਗੌਤਮ ਅਡਾਨੀ ਨੂੰ ਟਾਪ-3 ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਉਹ ਚੌਥੇ ਸਥਾਨ 'ਤੇ ਖਿਸਕ ਗਏ ਹਨ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਅਰਨੌਲਟ ਇੱਕ ਵਾਰ ਫਿਰ 156.5 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਸੰਯੁਕਤ ਰਾਜ ਅਤੇ ਭਾਰਤ ਸਰਕਾਰ ਨਾਲ ਸਾਂਝੇਦਾਰੀ ਵਿਚ 1975 ਵਿਚ ਸਥਾਪਿਤ, ਯੂਐਸ-ਇੰਡੀਆ ਬਿਜ਼ਨਸ ਕੌਂਸਲ (USIBC) ਸੰਯੁਕਤ ਰਾਜ, ਭਾਰਤ ਅਤੇ ਇੰਡੋ-ਪੈਸੀਫਿਕ ਵਿਚ ਕੰਮ ਕਰਨ ਵਾਲੀਆਂ ਸੈਂਕੜੇ ਪ੍ਰਮੁੱਖ ਗਲੋਬਲ ਕੰਪਨੀਆਂ ਦੀ ਨੁਮਾਇੰਦਗੀ ਕਰਦੀ ਹੈ। ਅਮਰੀਕਾ-ਭਾਰਤ ਵਪਾਰਕ ਭਾਈਵਾਲੀ ਦੇ ਅੰਦਰ ਗਤੀਸ਼ੀਲ ਵਿਕਾਸ ਦੇ ਦੌਰਾਨ, ਦੋਵਾਂ ਦੇਸ਼ਾਂ ਵਿਚ ਕਾਰੋਬਾਰਾਂ ਅਤੇ ਸਰਕਾਰਾਂ ਵਿਚਕਾਰ ਸਬੰਧ ਬਣਦੇ ਹਨ।