
ਕੁਲੈਕਟਰ ਨੇ 1 ਯੂਨਿਟ ਖ਼ੂਨ ਅਪਣਾ ਦਿੱਤਾ ਅਤੇ ਨਾਲ ਹੀ 4 ਯੂਨਿਟ ਖੂਨ ਦਾ ਹੋਰ ਵੀ ਪ੍ਰਬੰਧ ਕਰ ਕੇ ਦਿੱਤਾ।
ਜੈਪੁਰ - ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਦੇ ਕੁਲੈਕਟਰ ਰਵਿੰਦਰ ਗੋਸਵਾਮੀ ਨੇ ਪੀੜਤ ਔਰਤ ਪ੍ਰਤੀ ਇਨਸਾਨੀਅਤ ਦਿਖਾਈ ਅਤੇ ਖ਼ੁਦ ਖ਼ੂਨਦਾਨ ਕਰਕੇ ਉਸ ਦੀ ਜਾਨ ਬਚਾਈ। ਗਰੀਬ ਪਰਿਵਾਰ ਦੀ ਧੀ ਦੀ ਜਾਨ ਬਚਾਉਣ ਲਈ ਜਦੋਂ ਜ਼ਿਲ੍ਹਾ ਕਲੈਕਟਰ ਹਸਪਤਾਲ ਪਹੁੰਚਿਆ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਤੇ ਕੁਲੈਕਟਰ ਦੀ ਤਾਰੀਫ਼ ਕੀਤੀ। ਜ਼ਿਲ੍ਹਾ ਕੁਲੈਕਟਰ ਨੇ ਨਾ ਸਿਰਫ਼ ਖ਼ੁਦ ਇੱਕ ਯੂਨਿਟ ਖ਼ੂਨਦਾਨ ਕੀਤਾ ਸਗੋਂ ਪੀੜਤ ਲਈ ਚਾਰ ਹੋਰ ਯੂਨਿਟ ਖ਼ੂਨ ਦਾ ਪ੍ਰਬੰਧ ਵੀ ਕੀਤਾ। ਜ਼ਿਲ੍ਹਾ ਕੁਲੈਕਟਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਦਰਅਸਲ, ਬੂੰਦੀ ਜ਼ਿਲ੍ਹੇ ਦੇ ਨੈਣਵਾ ਦੇ ਬਕਯਾ ਪਿੰਡ ਦੀ ਰਹਿਣ ਵਾਲੀ ਅੰਜਲੀ ਮੀਨਾ ਨੂੰ ਮੰਗਲਵਾਰ ਨੂੰ ਜਣੇਪੇ ਦੇ ਦਰਦ ਕਾਰਨ ਜ਼ਿਲ੍ਹਾ ਜਣੇਪਾ ਅਤੇ ਬਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਡਾਕਟਰਾਂ ਨੇ ਪਰਿਵਾਰ ਨੂੰ ਅਨੀਮੀਆ ਤੋਂ ਪੀੜਤ ਅੰਜਲੀ ਮੀਨਾ ਲਈ ਪੰਜ ਯੂਨਿਟ ਖੂਨ ਲਿਆੁਣ ਲਈ ਕਿਹਾ ਪਰ ਜ਼ਿਲ੍ਹਾ ਬਲੱਡ ਬੈਂਕ ਵਿਚ ਖ਼ੂਨ ਦੀ ਲਗਾਤਾਰ ਘਾਟ ਕਾਰਨ ਇਸ ਦਾ ਪ੍ਰਬੰਧ ਨਹੀਂ ਹੋ ਸਕਿਆ।
ਇਸ 'ਤੇ ਅੰਜਲੀ ਦੀ ਮਾਂ ਪਰਮਾ ਬਾਈ ਅਤੇ ਪਿਤਾ ਓਮ ਪ੍ਰਕਾਸ਼ ਮੀਨਾ ਜ਼ਿਲ੍ਹਾ ਕੁਲੈਕਟਰ ਡਾ: ਰਵਿੰਦਰ ਗੋਸਵਾਮੀ ਕੋਲ ਗਏ ਅਤੇ ਬੇਟੀ ਲਈ ਖ਼ੂਨ ਦਾ ਪ੍ਰਬੰਧ ਕਰ ਕੇ ਉਸ ਦੀ ਜਾਨ ਬਚਾਉਣ ਦੀ ਦੁਹਾਈ ਦਿੱਤੀ। ਜ਼ਿਲ੍ਹਾ ਕੁਲੈਕਟਰ ਡਾ: ਰਵਿੰਦਰ ਗੋਸਵਾਮੀ ਗਰੀਬ ਮਾਪਿਆਂ ਦੀ ਮਿੰਨਤ ਸੁਣ ਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਖੁਦ ਜ਼ਿਲ੍ਹਾ ਹਸਪਤਾਲ ਪਹੁੰਚ ਕੇ ਪੀੜਤਾ ਲਈ ਖ਼ੂਨਦਾਨ ਕੀਤਾ ਅਤੇ ਇਸ ਦੇ ਨਾਲ ਚਾਰ ਹੋਰ ਯੂਨਿਟ ਖ਼ੂਨ ਦਾ ਪ੍ਰਬੰਧ ਵੀ ਕਰ ਕੇ ਦਿੱਤਾ।