
ਡਾਕਟਰਾਂ ਨੇ ਵੀ ਇਲਾਜ ਕਰਨ ਤੋਂ ਕੀਤਾ ਮਨ੍ਹਾ
ਗਾਜ਼ੀਆਬਾਦ - ਗਾਜ਼ੀਆਬਾਦ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 14 ਸਾਲ ਦੇ ਬੱਚੇ ਨੂੰ ਕੁੱਤੇ ਨੇ ਵੱਢ ਲਿਆ, ਜਿਸ ਤੋਂ ਬਾਅਦ ਉਸ ਦੇ ਸਰੀਰ 'ਚ ਇਨਫੈਕਸ਼ਨ ਇੰਨੀ ਵਧ ਗਈ ਕਿ ਉਸ ਦੀ ਹਾਲਤ ਖ਼ਰਾਬ ਹੋ ਗਈ। ਬੇਸਹਾਰਾ ਪਿਤਾ ਉਸ ਨੂੰ ਐਂਬੂਲੈਂਸ ਵਿਚ ਲੈ ਕੇ ਘਰ-ਘਰ ਭਟਕਦਾ ਰਿਹਾ, ਪਰ ਵੱਡੇ ਹਸਪਤਾਲਾਂ ਨੇ ਵੀ ਇਲਾਜ ਲਈ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਬੱਚੇ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ।
ਇਹ ਦਰਦਨਾਕ ਘਟਨਾ ਵਿਜੇਨਗਰ ਥਾਣਾ ਖੇਤਰ ਦੀ ਚਰਨ ਸਿੰਘ ਕਾਲੋਨੀ 'ਚ ਵਾਪਰੀ, ਜਿੱਥੇ ਦਾ ਰਹਿਣ ਵਾਲਾ ਯਾਕੂਬ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਦਾ ਪੁੱਤਰ ਸ਼ਾਵੇਜ਼ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। 1 ਸਤੰਬਰ ਨੂੰ ਉਸ ਨੇ ਅਚਾਨਕ ਅਜੀਬ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਾਣੀ ਨੂੰ ਦੇਖ ਕੇ ਉਸ ਨੂੰ ਡਰ ਲੱਗਣ ਲੱਗ ਪਿਆ, ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਅਤੇ ਕਈ ਵਾਰ ਤਾਂ ਉਹ ਕੁੱਤੇ ਦੇ ਭੌਂਕਣ ਵਰਗੀਆਂ ਆਵਾਜ਼ਾਂ ਵੀ ਕੱਢਣ ਲੱਗ ਪਿਆ।
ਬੱਚੇ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਕੁੱਤੇ ਨੇ ਵੱਢ ਲਿਆ ਸੀ। ਕੁੱਤੇ ਦੇ ਕੱਟਣ ਦੀ ਲਾਗ ਬੱਚੇ ਦੇ ਪੂਰੇ ਸਰੀਰ ਵਿਚ ਫੈਲ ਗਈ, ਜਿਸ ਕਾਰਨ ਉਸ ਦੀ ਇਹ ਹਾਲਤ ਹੋਈ। ਡੇਢ ਮਹੀਨਾ ਪਹਿਲਾਂ ਬੱਚੇ ਨੂੰ ਕੁੱਤੇ ਨੇ ਵੱਢ ਲਿਆ ਸੀ, ਬੱਚੇ ਨੇ ਡਰ ਦੇ ਮਾਰੇ ਨੇ ਘਰ ਨਹੀਂ ਦੱਸਿਆ, ਜਿਸ ਤੋਂ ਬਾਅਦ ਉਸ ਦੇ ਸਰੀਰ 'ਚ ਇਨਫੈਕਸ਼ਨ ਫੈਲ ਗਈ।
ਪੀੜਤ ਪਰਿਵਾਰ ਬੱਚੇ ਨੂੰ ਐਂਬੂਲੈਂਸ ਰਾਹੀਂ ਦਿੱਲੀ ਦੇ ਜੀਟੀਬੀ ਅਤੇ ਏਮਜ਼ ਵਰਗੇ ਹਸਪਤਾਲਾਂ ਵਿਚ ਲੈ ਗਿਆ ਪਰ ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਬੱਚੇ ਨੂੰ ਨਰਸਿੰਗ ਹੋਮ 'ਚ ਦਾਖਲ ਕਰਵਾਇਆ ਗਿਆ, ਜਿੱਥੇ ਚਾਰ ਦਿਨਾਂ ਦੇ ਇਲਾਜ ਤੋਂ ਬਾਅਦ ਡਾਕਟਰ ਨੇ ਬੱਚਿਆਂ ਦੀ ਹਾਲਤ ਖਰਾਬ ਦੱਸਦਿਆਂ ਬੱਚੇ ਨੂੰ ਵਾਪਸ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਅੰਤ ਵਿਚ, ਕਿਸੇ ਨੇ ਪਰਿਵਾਰ ਨੂੰ ਬੁਲੰਦਸ਼ਹਿਰ ਵਿਚ ਇੱਕ ਆਯੁਰਵੈਦਿਕ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ, ਜੋ ਕੁੱਤੇ ਦੇ ਕੱਟਣ ਦਾ ਇਲਾਜ ਕਰਦਾ ਹੈ। ਜਦੋਂ ਰਿਸ਼ਤੇਦਾਰ ਬੱਚੇ ਨੂੰ ਲੈ ਕੇ ਉੱਥੋਂ ਵਾਪਸ ਆ ਰਹੇ ਸਨ ਤਾਂ ਬੱਚੇ ਨੇ ਪਿਤਾ ਦੀ ਗੋਦ ਵਿਚ ਹੀ ਦਮ ਤੋੜ ਦਿੱਤਾ।
ਬੱਚੇ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਕੁਝ ਕੁੱਤੇ ਹਨ। ਜਿਸ ਨੇ ਮੇਰੇ ਪੋਤੇ ਨੂੰ ਵੱਢਿਆ ਸੀ, ਇਹ ਕੁੱਤੇ ਇਲਾਕੇ ਵਿਚ ਲਗਾਤਾਰ ਦਹਿਸ਼ਤ ਮਚਾ ਰਹੇ ਹਨ। ਇਹ ਕੁੱਤੇ ਖੁੱਲ੍ਹੇ ਵਿਚ ਰਹਿੰਦੇ ਹਨ ਅਤੇ ਕਈ ਹੋਰ ਬੱਚਿਆਂ ਨੂੰ ਵੀ ਵੱਢ ਚੁੱਕੇ ਹਨ। ਬੱਚੇ ਦੇ ਇਨਫੈਕਸ਼ਨ ਫੈਲਣ ਤੋਂ ਬਾਅਦ ਉਸ ਦਾ ਕਿਤੇ ਵੀ ਕੋਈ ਇਲਾਜ ਨਹੀਂ ਹੋਇਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਬੱਚੇ ਦੀ ਤੜਫ-ਤੜਫ ਕੇ ਪਿਤਾ ਦੀ ਗੋਦ ਵਿਚ ਮੌਤ ਹੋ ਗਈ।