
ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ’ਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਦਿਤੀ ਹੈ
Himachal Rains : ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਮੀਂਹ ਕਾਰਨ ਸਨਿਚਰਵਾਰ ਨੂੰ 47 ਸੜਕਾਂ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ। ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ’ਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਦਿਤੀ ਹੈ। ਸੂਬਾ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਸੂਬੇ ’ਚ 18 ਬਿਜਲੀ ਅਤੇ ਇਕ ਜਲ ਸਪਲਾਈ ਸਕੀਮ ਵੀ ਪ੍ਰਭਾਵਤ ਹੋਈ ਹੈ।
ਮੌਸਮ ਵਿਭਾਗ ਅਨੁਸਾਰ ਮਲਰੋਂ ’ਚ ਸੱਭ ਤੋਂ ਵੱਧ 64 ਮਿਲੀਮੀਟਰ, ਪੰਡੋਹ ’ਚ 32.5 ਮਿਲੀਮੀਟਰ, ਬਰਥੀਨ ’ਚ 30.4 ਮਿਲੀਮੀਟਰ, ਅਗਰ ’ਚ 29.8 ਮਿਲੀਮੀਟਰ, ਮੰਡੀ ’ਚ 28.7 ਮਿਲੀਮੀਟਰ, ਭੱਟੀਆਤ ’ਚ 28.4 ਮਿਲੀਮੀਟਰ, ਜੁਬਰਹੱਟੀ ’ਚ 26 ਮਿਲੀਮੀਟਰ, ਭੂੰਤਰ ’ਚ 25.7 ਮਿਲੀਮੀਟਰ, ਸੁੰਦਰਨਗਰ ’ਚ 18.6 ਮਿਲੀਮੀਟਰ, ਪਾਉਂਟਾ ਸਾਹਿਬ ’ਚ 13.4 ਮਿਲੀਮੀਟਰ, ਧੌਲਾ ਸਾਹਿਬ ’ਚ 13.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮਨਾਲੀ ’ਚ 12 ਮਿਲੀਮੀਟਰ, ਕੁਫਰੀ ’ਚ 11.6 ਮਿਲੀਮੀਟਰ ਅਤੇ ਸਰਾਹਨ ’ਚ 11 ਮਿਲੀਮੀਟਰ ਬਾਰਸ਼ ਹੋਈ।
ਸਥਾਨਕ ਮੌਸਮ ਵਿਭਾਗ ਨੇ ਐਤਵਾਰ ਤਕ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਹੜ੍ਹ ਦੀ ਸੰਭਾਵਨਾ ਦੀ ਚੇਤਾਵਨੀ ਦਿਤੀ ਹੈ।
ਕੇਂਦਰ ਨੇ ਕਿਹਾ ਕਿ ਮੰਡੀ ’ਚ 13, ਕਾਂਗੜਾ ’ਚ 11, ਸ਼ਿਮਲਾ ਅਤੇ ਕੁਲੂ ’ਚ 9-9, ਊਨਾ ’ਚ 2 ਅਤੇ ਕਿੰਨੌਰ, ਸਿਰਮੌਰ ਅਤੇ ਲਾਹੌਲ ਅਤੇ ਸਪੀਤੀ ਜ਼ਿਲ੍ਹਿਆਂ ’ਚ ਇਕ-ਇਕ ਸੜਕ ਸਮੇਤ ਕੁਲ 47 ਸੜਕਾਂ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਹਨ। 27 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ’ਚ ਔਸਤਨ 652.1 ਮਿਲੀਮੀਟਰ ਮੀਂਹ ਦੇ ਮੁਕਾਬਲੇ 517.8 ਮਿਲੀਮੀਟਰ ਮੀਂਹ ਪਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ 27 ਜੂਨ ਤੋਂ 6 ਸਤੰਬਰ ਤਕ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਕੁਲ 157 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਨੂੰ 1,303 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।