
Jammu Kashmir Election: ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸ਼ਾਸਨ ਜਾਰੀ ਰੱਖਣ ਲਈ ਭਾਜਪਾ ਨੂੰ ਵੋਟ ਦੇਣ।
Jammu Kashmir Election: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਧਾਰਾ 370 ਹੁਣ ਇਤਿਹਾਸ ਬਣ ਗਈ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਸ ਦੀ ਕਦੇ ਵੀ ਵਾਪਸੀ ਨਹੀਂ ਹੋਵੇਗੀ।
ਭਾਜਪਾ ਦੇ ਸੀਨੀਅਰ ਆਗੂ ਸ਼ਾਹ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਪਿਛਲੇ 10 ਸਾਲਾਂ ਦਾ ਸਮਾਂ ਦੇਸ਼ ਅਤੇ ਜੰਮੂ ਕਸ਼ਮੀਰ ਦੇ ਇਤਿਹਾਸ ’ਚ ਸੁਨਹਿਰੇ ਅੱਖਰਾਂ ’ਚ ਲਿਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੰਗਾ ਸ਼ਾਸਨ ਜਾਰੀ ਰੱਖਣ ਲਈ ਭਾਜਪਾ ਨੂੰ ਵੋਟ ਦੇਣ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਅਤਿਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਅਤਿਵਾਦ ਫੈਲਣ ’ਚ ਸ਼ਾਮਲ ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇਗਾ। ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਲਈ ਤਿੰਨ ਗੇੜਾਂ 18 ਤੇ 26 ਸਤੰਬਰ ਅਤੇ ਪਹਿਲੀ ਅਕਤੂਬਰ ਨੂੰ ਵੋਟਾਂ ਪੈਣਗੀਆਂ।
ਇਸ ਤੋਂ ਪਹਿਲਾਂ ਸ਼ਾਹ ਭਾਜਪਾ ਦੀ ਪ੍ਰਚਾਰ ਮੁਹਿੰਮ ਦਾ ਆਗ਼ਾਜ਼ ਕਰਨ ਲਈ ਦੋ ਰੋਜ਼ਾ ਦੌਰੇ ’ਤੇ ਇਥੇ ਪੁੱਜੇ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਕਿਹਾ, ‘ਮੈਂ ਨੈਸ਼ਨਲ ਕਾਨਫਰੰਸ ਦੇ ਏਜੰਡੇ ਨੂੰ ਜਾਣਦਾ ਹਾਂ। ਮੈਂ ਪੂਰੇ ਦੇਸ਼ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਧਾਰਾ 370 ਹੁਣ ਇਤਿਹਾਸ ਬਣ ਚੁੱਕੀ ਹੈ ਅਤੇ ਇਸ ਦੀ ਕਦੇ ਵੀ ਵਾਪਸੀ ਨਹੀਂ ਹੋਵੇਗੀ।’
ਉਨ੍ਹਾਂ ਕਿਹਾ,‘ਧਾਰਾ 370 ਹੁਣ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਸ ਧਾਰਾ ਨੇ ਨੌਜਵਾਨਾਂ ਦੇ ਹੱਥਾਂ ’ਚ ਸਿਰਫ਼ ਹਥਿਆਰ ਅਤੇ ਪੱਥਰ ਹੀ ਦਿੱਤੇ ਹਨ ਅਤੇ ਉਨ੍ਹਾਂ ਨੂੰ ਅਤਿਵਾਦ ਦੇ ਰਾਹ ’ਤੇ ਪਾਇਆ ਹੈ। ਮੈਂ ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ ਆਗੂ) ਨੂੰ ਕਹਿਣਾ ਚਾਹੁੰਦਾ ਹਾਂ ਕਿ ਨਤੀਜੇ ਜੋ ਮਰਜ਼ੀ ਹੋਣ, ਅਸੀਂ ਤੁਹਾਨੂੰ ਗੁੱਜਰਾਂ, ਬੱਕਰਵਾਲਾਂ ਅਤੇ ਪਹਾੜੀ ਲੋਕਾਂ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਛੂਹਣ ਨਹੀਂ ਦੇਵਾਂਗੇ।’ ਸ਼ਾਹ ਨੇ ਕਿਹਾ ਕਿ ਖ਼ਿੱਤੇ ਦਾ ਵਿਕਾਸ ਯਕੀਨੀ ਬਣਾਉਣ ਲਈ ਪਾਰਟੀ ਨੂੰ ਪੰਜ ਸਾਲ ਦਾ ਮੌਕਾ ਦਿੱਤਾ ਜਾਵੇ।