
ਕੂਨੋ ਨੈਸ਼ਨਲ ਪਾਰਕ ਵਿਚ ਪਿਛਲੇ ਸਾਲ 3 ਚੀਤਿਆਂ ਦੀ ਹੋਈ ਸੀ ਮੌਤ
Kuno National Park : ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ’ਚ ਪਿਛਲੇ ਸਾਲ ਇਕ ਮਹੀਨੇ ’ਚ ਤਿੰਨ ਚੀਤਿਆਂ ਦੀ ਮੌਤ ਤੋਂ ਬਾਅਦ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਨੇ ਮਈ 2023 ’ਚ ਸਿਹਤ ਨਿਗਰਾਨੀ ਪ੍ਰੋਟੋਕੋਲ ਦੀ ਸਮੀਖਿਆ ਕਰਨ ਲਈ ਗੁਜਰਾਤ ਸਥਿਤ ਰਿਲਾਇੰਸ ਦੇ ਜੰਗਲੀ ਜੀਵ ਕੇਂਦਰ ਦੇ ਮਾਹਰਾਂ ਦੀ ਮਦਦ ਮੰਗੀ ਸੀ। ਇਹ ਜਾਣਕਾਰੀ ਅਧਿਕਾਰਤ ਰੀਕਾਰਡ ਤੋਂ ਹਾਸਲ ਕੀਤੀ ਗਈ ਹੈ।
11 ਮਈ, 2023 ਨੂੰ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐਨ.ਟੀ.ਸੀ.ਏ.) ਦੇ ਸਹਾਇਕ ਇੰਸਪੈਕਟਰ ਜਨਰਲ ਆਫ ਵਣ ਅਭਿਸ਼ੇਕ ਕੁਮਾਰ ਨੇ ਜਾਮਨਗਰ ਸਥਿਤ ਰਿਲਾਇੰਸ ਇੰਡਸਟਰੀਜ਼ ਦੇ ਗ੍ਰੀਨਜ਼ ਜ਼ੂਲੋਜੀਕਲ ਰੈਸਕਿਊ ਐਂਡ ਰੀਹੈਬਲੀਟੇਸ਼ਨ ਸੈਂਟਰ (ਜੀ.ਜੇਡ.ਆਰ.ਆਰ.ਸੀ.) ਦੇ ਸੀ.ਈ.ਓ. ਨੂੰ ਚਿੱਠੀ ਲਿਖ ਕੇ ਮਾਹਰਾਂ ਦੀ ਇਕ ਟੀਮ ਕੁਨੋ ਭੇਜਣ ਦੀ ਬੇਨਤੀ ਕੀਤੀ।
ਇਸ ਦਾ ਉਦੇਸ਼ ਸਿਹਤ ਨਿਗਰਾਨੀ ਪ੍ਰੋਟੋਕੋਲ ਦੀ ਸਮੀਖਿਆ ਕਰਨਾ ਅਤੇ 27 ਮਾਰਚ ਤੋਂ 9 ਮਈ ਦੇ ਵਿਚਕਾਰ ਤਿੰਨ ਚੀਤਿਆਂ ਦੀ ਮੌਤ ਤੋਂ ਬਾਅਦ ਚੀਤਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਲਾਹ ਲੈਣਾ ਸੀ।
ਚਿੱਠੀ ’ਚ ਕੁਮਾਰ ਨੇ ਕਿਹਾ ਸੀ ਕਿ ਪ੍ਰਾਜੈਕਟ ਚੀਤਾ ਜੰਗਲੀ ਵੱਡੇ ਮਾਸਾਹਾਰੀ ਜਾਨਵਰਾਂ ਨੂੰ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ’ਚ ਪ੍ਰਵਾਸ ਕਰਨ ਦੀ ਪਹਿਲੀ ਕੋਸ਼ਿਸ਼ ਹੈ ਅਤੇ ਪਹਿਲਾਂ ਅਜਿਹਾ ਕਰਨ ਦੀ ਕੋਈ ਮਿਸਾਲ ਨਹੀਂ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇੰਨੇ ਵੱਡੇ ਅਤੇ ਗੁੰਝਲਦਾਰ ਪ੍ਰਾਜੈਕਟ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਭੋਪਾਲ ਦੇ ਜੰਗਲੀ ਜੀਵ ਕਾਰਕੁਨ ਅਜੇ ਦੂਬੇ ਨੇ ਇਸ ਪ੍ਰਾਜੈਕਟ ’ਚ ਜੀ.ਜੇਡ.ਆਰ.ਆਰ.ਸੀ. ਨੂੰ ਸ਼ਾਮਲ ਕਰਨ ’ਤੇ ਸਵਾਲ ਉਠਾਇਆ, ਹਾਲਾਂਕਿ ਐਨ.ਟੀ.ਸੀ.ਏ., ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ, ਦਖਣੀ ਅਫਰੀਕਾ ਅਤੇ ਨਾਮੀਬੀਆ ਦੇ ਚੋਟੀ ਦੇ ਜੰਗਲੀ ਜੀਵ ਮਾਹਰ ਪਹਿਲਾਂ ਹੀ ਇਸ ਦਾ ਹਿੱਸਾ ਹਨ।
ਉਨ੍ਹਾਂ ਪੁਛਿਆ, ‘‘ਸਰਕਾਰ ਨੇ ਮੱਧ ਪ੍ਰਦੇਸ਼ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੂੰ ਚੀਤਾ ਪ੍ਰਬੰਧਨ ਦੀ ਸਿਖਲਾਈ ਲਈ ਦਖਣੀ ਅਫਰੀਕਾ ਅਤੇ ਨਾਮੀਬੀਆ ਭੇਜਿਆ ਸੀ। ਉਨ੍ਹਾਂ ਨੇ ਕੀ ਸਿੱਖਿਆ?’’ ਉਨ੍ਹਾਂ ਅੱਗੇ ਸਵਾਲ ਕੀਤਾ, ‘‘ਅਤੇ ਜੇ ਤੁਸੀਂ ਜੀ.ਜੇਡ.ਆਰ.ਆਰ.ਸੀ. ਕੋਲ ਪਹੁੰਚ ਕੀਤੀ ਹੈ, ਤਾਂ ਵੀ ਇਸ ਨੂੰ ਲੁਕਾ ਕੇ ਕਿਉਂ ਰੱਖਿਆ ਜਾਂਦਾ ਹੈ? ਪ੍ਰਾਜੈਕਟ ਚੀਤਾ ਦੀ ਸਾਲਾਨਾ ਰੀਪੋਰਟ ’ਚ ਰਿਲਾਇੰਸ ਇੰਡਸਟਰੀਜ਼ ਦੇ ਜੰਗਲੀ ਜੀਵ ਸਹੂਲਤ ਕੇਂਦਰ ਤੋਂ ਮੰਗੇ ਗਏ ਸਹਿਯੋਗ ਦਾ ਕੋਈ ਜ਼ਿਕਰ ਨਹੀਂ ਹੈ।’’
ਚੀਤਾ ਪ੍ਰਾਜੈਕਟ ਨਿਗਰਾਨੀ ਕਮੇਟੀ ਦੀਆਂ ਮੀਟਿੰਗਾਂ ਦੇ ਵੇਰਵੇ, ਜੋ ਪੀ.ਟੀ.ਆਈ. ਨੂੰ ਇਕ ਆਰ.ਟੀ.ਆਈ. ਅਰਜ਼ੀ ਰਾਹੀਂ ਪ੍ਰਾਪਤ ਹੋਏ ਹਨ, ’ਚ ਵੀ ਇਸ ਭਾਗੀਦਾਰੀ ਦਾ ਜ਼ਿਕਰ ਨਹੀਂ ਹੈ।