ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੇ ਮੁੱਢਲੇ ਨਤੀਜਿਆਂ ਦੌਰਾਨ ਇਹ ਪ੍ਰਗਟਾਵਾ ਹੋਇਆ ਹੈ
ਕੋਲਕਾਤਾ: ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਹੋਰ ਸਹਿ-ਦੋਸ਼ੀ ਨਾਜਾਇਜ਼ ਫਾਇਦੇ ਲਈ ‘ਅਪਰਾਧਕ ਗਿਰੋਹ’ ਚਲਾ ਰਹੇ ਸਨ। ਇਕ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਦਾਅਵਾ ਕੀਤਾ।
ਅਧਿਕਾਰੀਆਂ ਨੇ ਦਸਿਆ ਕਿ ਹਸਪਤਾਲ ’ਚ ਕਥਿਤ ਵਿੱਤੀ ਬੇਨਿਯਮੀਆਂ ਦੀ ਸੀ.ਬੀ.ਆਈ. ਜਾਂਚ ਦੇ ਮੁੱਢਲੇ ਨਤੀਜਿਆਂ ਦੌਰਾਨ ਇਹ ਪ੍ਰਗਟਾਵਾ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀ ਇਸ ਹਫਤੇ ਦੀ ਸ਼ੁਰੂਆਤ ’ਚ ਵਿਸ਼ੇਸ਼ ਅਦਾਲਤ ’ਚ ਸੁਣਵਾਈ ਦੌਰਾਨ ਅਪਣੇ ਨਤੀਜੇ ਪੇਸ਼ ਕੀਤੇ ਸਨ।
ਘੋਸ਼, ਉਸ ਦੇ ਸੁਰੱਖਿਆ ਗਾਰਡਾਂ ਅਤੇ ਦੋ ਵਿਕਰੇਤਾਵਾਂ ਨੂੰ ਸੀ.ਬੀ.ਆਈ. ਨੇ ਸਰਕਾਰੀ ਹਸਪਤਾਲ ’ਚ ਵਿੱਤੀ ਬੇਨਿਯਮੀਆਂ ’ਚ ਕਥਿਤ ਸ਼ਮੂਲੀਅਤ ਲਈ ਗ੍ਰਿਫਤਾਰ ਕੀਤਾ ਸੀ। ਆਰ.ਜੀ. ਕਰ ਹਸਪਤਾਲ ’ਚ ਇਕ ਸਿਖਲਾਈ ਪ੍ਰਾਪਤ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਨੇ ਦੇਸ਼ ਭਰ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤੇ ਸਨ।
ਅਧਿਕਾਰੀ ਨੇ ਕਿਹਾ, ‘‘ਉਹ (ਦੋਵੇਂ) ਵਿਕਰੇਤਾ ਘੋਸ਼ ਨੂੰ ਉਦੋਂ ਤੋਂ ਜਾਣਦੇ ਸਨ ਜਦੋਂ ਉਹ ਮੁਰਸ਼ਿਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਕੰਮ ਕਰ ਰਿਹਾ ਸੀ। ਅਸੀਂ ਪਾਇਆ ਹੈ ਕਿ ਘੋਸ਼ ਨਾਲ ਉਸ ਦੀ ਨੇੜਤਾ ਕਾਰਨ ਹੀ ਉਸਨੂੰ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਠੇਕੇ ਦਿਤੇ ਗਏ ਸਨ।’’
ਘੋਸ਼ 2016 ਅਤੇ 2018 ਦੇ ਵਿਚਕਾਰ ਮੁਰਸ਼ਿਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਤਾਇਨਾਤ ਸੀ। ਅਧਿਕਾਰੀ ਨੇ ਦਸਿਆ ਕਿ ਸੀ.ਬੀ.ਆਈ. ਜਾਂਚ ’ਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਕਿਵੇਂ ਘੋਸ਼ ਨੇ ਹਸਪਤਾਲ ਦੇ ਅੰਦਰ ਇਕ ਕੈਫੇ ਦਾ ਠੇਕਾ ਲੈ ਕੇ ਅਪਣੇ ਸੁਰੱਖਿਆ ਗਾਰਡ ਦੀ ਪਤਨੀ ਨਾਲ ਜੁੜੇ ਸੰਗਠਨ ਦਾ ਪੱਖ ਲਿਆ।
ਉਨ੍ਹਾਂ ਕਿਹਾ, ‘‘ਦੋਵੇਂ ਵਿਕਰੀਕਰਤਾ ਮੁਰਸ਼ਿਦਾਬਾਦ ’ਚ ਸਨ ਅਤੇ ਘੋਸ਼ ਆਰ.ਜੀ. ਕਰ ਹਸਪਤਾਲ ਦੇ ਪ੍ਰਿੰਸੀਪਲ ਬਣਨ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਲੈ ਕੇ ਆਏ ਸਨ। ਉਨ੍ਹਾਂ ਨੂੰ ਹਸਪਤਾਲ ਨੂੰ ਸਮੱਗਰੀ ਦੀ ਸਪਲਾਈ ਕਰਨ ਲਈ ਤਰਜੀਹ ਦਿਤੀ ਗਈ ਸੀ।’’