
ਵਿਅਕਤੀ ਦੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ ਛੱਡਣ ਦੀ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਉਹ ਹਸਪਤਾਲ ਦੀ ਫੀਸ ਦਾ ਭੁਗਤਾਨ ਕਰਨ ’ਚ ਅਸਮਰੱਥ ਸਨ
ਕੁਸ਼ੀਨਗਰ : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਇਕ ਨਿੱਜੀ ਹਸਪਤਾਲ ’ਚ ਇਕ ਵਿਅਕਤੀ ਨੂੰ ਅਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਛੁੱਟੀ ਦਿਵਾਉਣ ਲਈ ਅਪਣੇ ਤਿੰਨ ਸਾਲ ਦੇ ਬੇਟੇ ਨੂੰ ‘ਵੇਚਣ’ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਵਿੱਤੀ ਤੰਗੀ ਕਾਰਨ ਨਿਰਾਸ਼ਾਜਨਕ ਕੰਮ ਲਈ ਆਲੋਚਨਾ ਕੀਤੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਤੁਰਤ ਹਰਕਤ ’ਚ ਆਇਆ।
ਪੁਲਿਸ ਅਨੁਸਾਰ ਬਰਵਾ ਪੱਟੀ ਦੇ ਰਹਿਣ ਵਾਲੇ ਹਰੀਸ਼ ਪਟੇਲ ਨੇ ਅਪਣੀ ਪਤਨੀ ਨੂੰ ਨਾਰਮਲ ਡਿਲੀਵਰੀ ਲਈ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਸੀ। ਹਾਲਾਂਕਿ, ਮਾਂ ਅਤੇ ਬੱਚੇ ਨੂੰ ਹਸਪਤਾਲ ਛੱਡਣ ਦੀ ਇਜਾਜ਼ਤ ਨਹੀਂ ਦਿਤੀ ਗਈ ਕਿਉਂਕਿ ਉਹ ਹਸਪਤਾਲ ਦੀ ਫੀਸ ਦਾ ਭੁਗਤਾਨ ਕਰਨ ’ਚ ਅਸਮਰੱਥ ਸਨ। ਇਸ ਤੋਂ ਨਿਰਾਸ਼ ਹੋ ਕੇ ਪਿਤਾ ਸ਼ੁਕਰਵਾਰ ਨੂੰ ਜਾਅਲੀ ਗੋਦ ਲੈਣ ਦੇ ਸਮਝੌਤੇ ਤਹਿਤ ਅਪਣੇ ਬੇਟੇ ਨੂੰ ਸਿਰਫ ਕੁੱਝ ਹਜ਼ਾਰ ਰੁਪਏ ’ਚ ਵੇਚਣ ਲਈ ਰਾਜ਼ੀ ਹੋ ਗਿਆ।
ਪੁਲਿਸ ਸੁਪਰਡੈਂਟ ਸੰਤੋਸ਼ ਕੁਮਾਰ ਮਿਸ਼ਰਾ ਨੇ ਦਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਅਪਰਾਧ ’ਚ ਸ਼ਾਮਲ ਵਿਚੋਲੇ ਅਮਰੇਸ਼ ਯਾਦਵ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਲੋਕਾਂ ’ਚ ਭੋਲਾ ਯਾਦਵ ਅਤੇ ਉਸ ਦੀ ਪਤਨੀ ਕਲਾਵਤੀ, ਇਕ ਜਾਅਲੀ ਡਾਕਟਰ ਤਾਰਾ ਕੁਸ਼ਵਾਹਾ ਅਤੇ ਹਸਪਤਾਲ ਦੀ ਇਕ ਕਰਮਚਾਰੀ ਸੁਗੰਤੀ ਸ਼ਾਮਲ ਹਨ।
ਘਟਨਾ ’ਤੇ ਕਾਰਵਾਈ ਕਰਨ ’ਚ ਕਥਿਤ ਤੌਰ ’ਤੇ ਅਸਫਲ ਰਹਿਣ ਲਈ ਇਕ ਪੁਲਿਸ ਕਾਂਸਟੇਬਲ ਨੂੰ ਲਾਈਨ ’ਤੇ ਭੇਜਿਆ ਗਿਆ ਹੈ। ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਅਤੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿਤਾ ਗਿਆ। ਸਥਾਨਕ ਲੋਕਾਂ ਮੁਤਾਬਕ ਹਰੀਸ਼ ਪਟੇਲ ਦਿਹਾੜੀਦਾਰ ਮਜ਼ਦੂਰ ਹੈ ਅਤੇ ਨਵਜੰਮਿਆ ਬੱਚਾ ਉਸ ਦਾ ਛੇਵਾਂ ਬੱਚਾ ਹੈ।